ਪੈਨਸ਼ਨ ਲਾਭਪਾਤਰੀਆਂ ਨੂੰ ਹਰ ਮਹੀਨੇ 34 ਕਰੋੜ ਰੁਪਏ ਤੋਂ ਵੱਧ ਦੀ ਪੈਨਸ਼ਨ ਦੀ ਕੀਤੀ ਜਾ ਰਹੀ ਹੈ ਅਦਾਇਗੀ

ਜਨਵਰੀ ਤੋਂ ਅਪ੍ਰੈਲ ਤੱਕ 7097 ਹੋਰ ਨਵੀਆਂ ਪੈਨਸ਼ਨਾਂ ਕੀਤੀਆਂ ਮੰਨਜੂਰ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 12 ਮਈ ( ਦੀ ਪੰਜਾਬ ਵਾਇਰ ) । ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ  ਆਰਥਿਕ ਤੌਰ ਤੇ ਕਮਜ਼ੋਰ ਅਤੇ ਪੱਛੜੇ ਹੋਏ ਵਰਗ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ, ਜਿਸ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਮੇਂ-ਸਮੇਂ ਤੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸਨ, ਆਸ਼ਰਿਤ ਬੱਚਿਆਂ ਨੂੰ ਸਹਾਇਤਾ ਅਤੇ ਦਿਵਿਆਂਗ ਲੋਕਾਂ ਲਈ ਸਹਾਇਤਾ ਦਿੱਤੀ ਜਾਂਦੀ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਹਰ ਮਹੀਨੇ 34 ਕਰੋੜ ਰੁਪਏ ਤੋਂ ਵੱਧ ਦੀ ਪੈਨਸ਼ਨ ਅਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਇਸ ਸੰਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ’ਚ ਜਨਵਰੀ 2023 ਮਹੀਨੇ ਦੌਰਾਨ 227044 ਲਾਭਪਾਤਰੀਆਂ ਨੂੰ 340566000 ਰੁਪਏ ਪੈਨਸ਼ਨ ਦਿੱਤੀ ਗਈ ਹੈ। ਇਸੇ ਤਰਾਂ ਫਰਵਰੀ 2023 ’ਚ 227020 ਲਾਭਪਾਤਰੀਆਂ ਨੂੰ 340530000 ਰੁਪਏ, ਮਾਰਚ 2023 ’ਚ 227044 ਲਾਭਪਾਤਰੀਆਂ ਨੂੰ 340566000 ਰੁਪਏ ਅਤੇ ਅਪ੍ਰੈਲ 2023 ਦੌਰਾਨ 232186 ਲਾਭਪਾਤਰੀਆਂ ਨੂੰ 348279000 ਰੁਪਏ ਪੈਨਸ਼ਨ ਤੇ ਵਿੱਤੀ ਸਹਾਇਤਾ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ’ਚ ਮਹੀਨਾ ਜਨਵਰੀ-2023 ਤੋਂ ਅਪ੍ਰੈਲ-2023 ਦੌਰਾਨ ਵੱਖ-ਵੱਖ ਪੈਨਸ਼ਨ ਸਕੀਮਾਂ ਅਧੀਨ ਕੁੱਲ 7097 ਹੋਰ ਨਵੀਆਂ ਪੈਨਸ਼ਨਾਂ ਮੰਨਜ਼ੂਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 5188 ਬੁਢਾਪਾ, 941 ਵਿਧਵਾ, 507 ਆਸ਼ਰਿਤ ਬੱਚਿਆਂ ਦੀਆਂ ਪੈਨਸ਼ਨਾਂ ਅਤੇ 461 ਦਿਵਿਆਂਗ ਪੈਨਸ਼ਨਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਆਰਥਿਕ ਤੌਰ ਤੇ ਕਮਜ਼ੋਰ ਅਤੇ ਪੱਛੜੇ ਹੋਏ ਵਰਗਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ।    

Exit mobile version