ਬੱਕਰੀਆਂ ਦੇ ਯੂਨਿਟ ਸਥਾਪਿਤ ਕਰਨ ’ਤ ਰਾਜ ਸਰਕਾਰ ਵੱਲੋਂ ਜਨਰਲ ਸ਼੍ਰੇਣੀ ਨੂੰ 25 ਅਤੇ ਅਨੁਸੂਚਿਤ ਜਾਤੀਆਂ ਨੂੰ 33 ਫ਼ੀਸਦੀ ਸਬਸਿਡੀ ਦੀ ਸੁਵਿਧਾ ਉਪਲਬਧ

ਬੱਕਰੀ ਪਾਲਣ ਦਾ ਸਹਾਇਕ ਧੰਦਾ ਅਪਣਾ ਕੇ ਨੌਜਵਾਨ ਕਮਾ ਸਕਦੇ ਹਨ ਚੰਗਾ ਮੁਨਾਫ਼ਾ – ਡਿਪਟੀ ਡਾਇਰੈਕਟਰ

ਗੁਰਦਾਸਪੁਰ, 11 ਮਈ 2023 (ਦੀ ਪੰਜਾਬ ਵਾਇਰ ) – ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਪ੍ਰਫੁੱਲਿਤ ਕਰਨ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿੰਨਾਂ ਨਾਲ ਕਿਸਾਨ ਅਤੇ ਬੇਰੁਜ਼ਗਾਰ ਨੌਜਵਾਨ ਆਪਣੀ ਆਰਥਿਕ ਸਥਿਤੀ ਵਿਚ ਹੋਰ ਸੁਧਾਰ ਕਰ ਸਕਦੇ ਹਨ। ਅਜੋਕੇ ਸਮੇਂ ਵਿਚ ਬੱਕਰੀਆਂ ਪਾਲਣਾ ਇੱਕ ਲਾਭਕਾਰੀ ਕਿੱਤਾ ਹੈ ਅਤੇ ਕਿਸਾਨਾਂ ਦਾ ਰੁਝਾਨ ਡੇਅਰੀ ਫਾਰਮਿੰਗ ਦੇ ਨਾਲ-ਨਾਲ ਇਸ ਕਿੱਤੇ ਵੱਲ ਵੀ ਹੋ ਰਿਹਾ ਹੈ। ਇਸ ਤੋਂ ਇਲਾਵਾ ਡੇਂਗੂ, ਪੀਲੀਆ ਆਦਿ ਦੇ ਮਰੀਜ਼ਾਂ ਲਈ ਵੀ ਬੱਕਰੀ ਦਾ ਦੁੱਧ ਲਾਹੇਵੰਦ ਹੁੰਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਸ਼ਾਮ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਬੱਕਰੀਆਂ ਦੇ ਯੂਨਿਟ ਖੁਲਵਾਏ ਜਾ ਰਹੇ ਹਨ, ਜਿਸ ਤਹਿਤ ਜਨਰਲ ਸੇ੍ਰਣੀ ਵਾਲਿਆਂ ਨੂੰ 40 ਬਕਰੀਆਂ ਅਤੇ 2 ਬਕਰਿਆਂ ਦੇ ਯੂਨਿਟ ਲਈ 1 ਲੱਖ ਰੁਪਏ ’ਤੇ 25000/- ਰੁਪਏ ਸਬਸਿਡੀ ਦਿੱਤੀ ਜਾਂਦੀ ਹੈ ਜਦਕਿ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 33000/- ਰੁਪਏ ਸਬਸਿਡੀ ਵਜੋਂ ਦਿੱਤੇ ਜਾਂਦੇ ਹਨ। ਉਨਾਂ ਦੱਸਿਆ ਕਿ ਲਾਭਪਾਤਰੀ ਨੂੰ 25 ਹਜਾਰ ਰੁਪਏ ਆਪਣੇ ਕੋਲੋਂ ਮਾਰਜਨ ਮਨੀ ਵੱਜੋਂ ਪਾਉਣੇ ਹੰੁਦੇ ਹਨ ਅਤੇ 50,000 ਰੁਪਏ ਦਾ ਕਰਜ਼ਾ ਬੈਂਕ ਤੋਂ ਦਿਵਾਇਆ ਜਾਂਦਾ ਹੈ। ਉਨਾਂ ਕਿਸਾਨਾਂ ਅਤੇ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਇਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਸਹਾਇਕ ਧੰਦਿਆਂ ਨੂੰ ਅਪਣਾ ਕੇ ਵੱਧ ਮੁਨਾਫਾ ਕਮਾਉਣ। ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਨੇ ਦੱਸਿਆ ਕਿ ਕਿਸਾਨਾਂ/ਨੋਜਵਾਨਾ ਨੂੰ ਇਹ ਕਿੱਤਾ ਅਪਣਾਉਣ ਤੋਂ ਪਹਿਲਾਂ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਬੱਕਰੀ ਪਾਲਣ ਦੀ ਬਕਾਇਦਾ ਸਿਖਲਾਈ ਪਸ਼ੂ ਪਾਲਣ ਵਿਭਾਗ ਤੋਂ ਲਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਸਿਖਲਾਈ ਦੌਰਾਨ ਹੀ ਬੱਕਰੀਆਂ ਦੇ ਸ਼ੈਡ ਦੀ ਸਹੀ ਬਣਤਰ ਬਾਰੇ, ਬੱਕਰੀਆਂ ਦੀਆਂ ਨਸਲਾਂ ਬਾਰੇ, ਬੱਕਰੀਆਂ ਲਈ ਚੰਗੇਰੀ ਫੀਡ ਅਤੇ ਖੁਰਾਕ, ਵਧੀਆ ਰਹਿਣ-ਸਹਿਣ ਦੇ ਪ੍ਰਬੰਧ ਦੀ ਮਹੱਤਤਾ ਬਾਰੇ ਜਾਣਿਆ ਜਾ ਸਕਦਾ ਹੈ, ਤਾਂ ਜੋ ਮੀਟ ਅਤੇ ਦੁੱਧ ਦੀ ਵਧੀਆ ਪੈਦਾਵਾਰ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬੱਕਰੀ ਪਾਲਣ ਦੇ ਕਿੱਤੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Exit mobile version