ਖਰੀਦ ਏਜੰਸੀਆਂ ਵੱਲੋਂ 10 ਮਈ ਤੱਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 105528 ਮੀਟ੍ਰਿਕ ਟਨ ਵੱਧ ਕਣਕ ਦੀ ਖਰੀਦ ਕੀਤੀ ਗਈ – ਡਿਪਟੀ ਕਮਿਸ਼ਨਰ

ਖਰੀਦੀ ਗਈ ਕਣਕ ਦੀ 75 ਫੀਸਦੀ ਤੋਂ ਵੱਧ ਲਿਫਟਿੰਗ ਮੁਕੰਮਲ ਕੀਤੀ

ਗੁਰਦਾਸਪੁਰ, 11 ਮਈ 2023 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਗਨ ਚੱਲ ਰਹੀ ਹੈ। ਖਰੀਦ ਏਜੰਸੀਆਂ ਵੱਲੋਂ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਵੱਧ ਕਣਕ ਦੀ ਖਰੀਦ ਕੀਤੀ ਗਈ ਹੈ। ਪਿਛਲੇ ਸਾਲ 10 ਮਈ ਤੱਕ 527073 ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ ਜਦਕਿ ਇਸ ਵਾਰ 10 ਮਈ ਤੱਕ 631964 ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਡੀਆਂ ਵਿੱਚ ਅਜੇ ਵੀ ਕਣਕ ਆ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੰਡੀਆਂ ਵਿੱਚ ਵੱਧ ਕਣਕ ਆਈ ਹੈ ਜਿਸਨੂੰ ਨਾਲ ਦੀ ਨਾਲ ਹੀ ਖਰੀਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 633700 ਮੀਟ੍ਰਿਕ ਟਨ ਕਣਕ ਦੀ ਫਸਲ ਆਈ ਸੀ ਜਿਸ ਵਿੱਚੋਂ 631964 ਮੀਟ੍ਰਿਕ ਟਨ ਫਸਲ ਨੂੰ ਖਰੀਦ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 10 ਮਈ ਤੱਕ ਪਿਛਲੇ ਸਾਲ ਦੀ 10 ਮਈ ਦੇ ਮੁਕਾਬਲੇ 105528 ਮੀਟ੍ਰਿਕ ਟਨ ਕਣਕ ਵੱਧ ਖਰੀਦੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬੀਤੀ ਸ਼ਾਮ ਤੱਕ ਖਰੀਦ ਏਜੰਸੀ ਪਨਗਰੇਨ ਵੱਲੋਂ 170876 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸੇ ਤਰਾਂ ਸਰਕਾਰੀ ਖਰੀਦ ਏਜੰਸੀ ਮਾਰਕਫੈਡ ਨੇ 150337 ਮੀਟਿ੍ਰਕ ਟਨ, ਪਨਸਪ ਵੱਲੋਂ 150897 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 139661 ਮੀਟਿ੍ਰਕ ਟਨ ਅਤੇ ਐੱਫ.ਸੀ.ਆਈ ਵੱਲੋਂ 20193 ਮੀਟਿ੍ਰਕ ਟਨ ਕਣਕ ਦੀ ਫਸਲ ਖਰੀਦੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਖਰੀਦੀ ਗਈ ਕਣਕ ਦੀ ਲਿਫਟਿੰਗ ਕਰਕੇ ਗੁਦਾਮਾਂ ਵਿੱਚ ਪਹੁੰਚਾਇਆ ਜਾਵੇ ਜਿਸ ਤਹਿਤ ਲਿਫਟਿੰਗ ਦੇ ਕੰਮ ਵਿੱਚ ਵੀ ਤੇਜ਼ੀ ਆਈ ਹੈ। ਉਨਾਂ ਦੱਸਿਆ ਕਿ ਬੀਤੀ ਸ਼ਾਮ ਤੱਕ 474904 ਮੀਟਿ੍ਰਕ ਟਨ ਕਣਕ ਜੋ 75 ਫੀਸਦੀ ਤੋਂ ਵੱਧ ਬਣਦੀ ਹੈ ਦੀ ਲਿਫਟਿੰਗ ਕਰ ਲਈ ਗਈ ਹੈ। ਉਨਾਂ ਕਿਹਾ ਕਿ ਬਹੁਤ ਜਲਦੀ ਹੀ ਲਿਫਟਿੰਗ ਦਾ ਕੰਮ ਵੀ ਮੁਕੰਮਲ ਕਰ ਲਿਆ ਜਾਵੇਗਾ।

Exit mobile version