ਨਵੀਂ ਐਡਵੈਂਚਰ ਟੂਰਿਜ਼ਮ ਐਂਡ ਵਾਟਰ ਟੂਰਿਜ਼ਮ ਪਾਲਿਸੀ ਤਹਿਤ ਅਪਰਬਾਰੀ ਦੁਆਬ ਨਹਿਰ ਦੇ ਤਿਬੜੀ ਪੁਲ ਤੋਂ ਬੱਬੇਹਾਲੀ ਪੁਲ ਤੱਕ ਬਣੇਗਾ ਸਾਈਕਲਿੰਗ ਟਰੈਕ

ਨਵੀਂ ਟੂਰਿਜ਼ਮ ਪਾਲਿਸੀ ਤਹਿਤ ਜ਼ਿਲ੍ਹੇ ’ਚ ਟੂਰਿਜ਼ਮ ਨੂੰ ਕੀਤਾ ਜਾਵੇਗਾ ਉਤਸ਼ਾਹਤ ਡਿਪਟੀ ਕਮਿਸ਼ਨਰ

ਗੁਰਦਾਸਪੁਰ, 9 ਮਈ 2023 ( ਮੰਨਣ ਸੈਣੀ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇੱਕ ਹੋਰ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਦੀ ਐਡਵੈਂਚਰ ਟੂਰਿਜ਼ਮ ਐਂਡ ਵਾਟਰ ਟੂਰਿਜ਼ਮ ਪਾਲਿਸੀ-2023 ਤਹਿਤ ਅਪਰਬਾਰੀ ਦੁਆਬ ਨਹਿਰ ਦੇ ਤਿਬੜੀ ਪੁਲ ਤੋਂ ਬੱਬੇਹਾਲੀ ਪੁਲ ਤੱਕ ਨਹਿਰ ਦੇ ਨਾਲ ਸਾਈਕਲਿੰਗ ਟਰੈਕ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਅਪਰਬਾਰੀ ਦੁਆਬ ਨਹਿਰ ਦੇ ਤਿਬੜੀ ਪੁਲ ਤੋਂ ਬੱਬੇਹਾਲੀ ਪੁਲ ਤੱਕ ਖੱਬੇ ਕਿਨਾਰੇ ਇਹ ਸਾਈਕਲਿੰਗ ਟਰੈਕ ਸਾਈਕਲਿੰਗ ਕਰਨ ਵਾਲੇ ਸ਼ੌਕੀਨਾਂ ਲਈ ਸੌਗਾਤ ਹੋਵੇਗਾ।

ਡੀਸੀ ਹਿਮਾਂਸ਼ੂ ਅਗਰਵਾਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਡਵੈਂਚਰ ਟੂਰਿਜ਼ਮ ਐਂਡ ਵਾਟਰ ਟੂਰਿਜ਼ਮ ਪਾਲਿਸੀ-2023 ਬਣਾਈ ਗਈ ਹੈ ਜਿਸ ਤਹਿਤ ਐਡਵੈਂਚਰ ਟੂਰਿਜ਼ਮ ਅਤੇ ਵਾਟਰ ਟੂਰਿਜ਼ਮ ਨੂੰ ਉਤਸ਼ਾਹਤ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪਰਬਾਰੀ ਦੁਆਬ ਨਹਿਰ ਦੇ ਤਿਬੱੜੀ ਪੁਲ ਤੋਂ ਬੱਬੇਹਾਲੀ ਪੁਲ ਤੱਕ ਨਹਿਰ ਕਿਨਾਰੇ ਦੀ ਸੜਕ ਦੀ ਚੋਣ ਸਾਈਕਲਿੰਗ ਟਰੈਕ ਵਜੋਂ ਕੀਤੀ ਗਈ ਹੈ ਅਤੇ ਡਨੇਨਜ਼ ਵਿਭਾਗ, ਜ਼ਿਲ੍ਹਾ ਖੇਡ ਅਫ਼ਸਰ ਅਤੇ ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ ਗੁਰਦਾਸਪੁਰ ਵੱਲੋਂ ਇਸ ਪ੍ਰੋਜੈਕਟ ਨੂੰ ਹਕੀਕਤ ਵਿੱਚ ਬਦਲਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਈਕਲਿੰਗ ਟਰੈਕ ਬਹੁਤ ਖੂਬਸੂਰਤ ਹੋਵੇਗਾ ਅਤੇ ਅਪਰਬਾਰੀ ਦੁਆਬ ਨਹਿਰ ਦੇ ਨਾਲ ਸੰਘਣੇ ਰੁੱਖਾਂ ਅਤੇ ਸ਼ਾਂਤ ਇਲਾਕੇ ਵਿੱਚੋਂ ਲੰਗਦਾ ਇਹ ਟਰੈਕ ਸਾਈਕਲਿੰਗ ਦੇ ਸ਼ੌਕੀਨਾਂ ਦੀ ਪਹਿਲੀ ਪਸੰਦ ਬਣੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਬੜੀ ਨਹਿਰ ਦੇ ਪੁਲ ਨਜ਼ਦੀਕ ਵੇਰਕਾ ਬੂਥ ਅਤੇ ਇੱਕ ਤਲਾਬ ਵੀ ਬਣਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਨਵੀਂ ਟੂਰਿਜ਼ਮ ਪਾਲਿਸੀ ਤਹਿਤ ਜ਼ਿਲ੍ਹੇ ਦੀ ਕੇਸ਼ੋਪੁਰ ਅਤੇ ਮਗਰਮੂਦੀਆਂ ਛੰਬ, ਮੋਚਪੁਰ ਦੇ ਬਿਆਸ ਦਰਿਆ ਵਿੱਚ ਟਾਪੂ ਨੂੰ ਵੀ ਵਿਕਸਤ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਟੂਰਿਜ਼ਮ ਦੇ ਨਕਸ਼ੇ ’ਤੇ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਨੂੰ ਵੀ ਟੂਰਿਜ਼ਮ ਵਜੋਂ ਉਤਸ਼ਾਹਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਜਿਥੇ ਬਹੁਤ ਸਾਰੇ ਧਾਰਮਿਕ ਅਤੇ ਇਤਿਹਾਸਕ ਅਸਥਾਨ ਹਨ ਓਥੇ ਹੋਰ ਵੀ ਕਈ ਕੁਦਰਤੀ ਥਾਵਾਂ ਵੀ ਦੇਖਣਯੋਗ ਹਨ ਜਿਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

Exit mobile version