ਨੈਸ਼ਨਲ ਗੇਮਜ਼-2022 ਵਿੱਚ ਜ਼ਿਲਾ ਗੁਰਦਾਸਪੁਰ ਦੇ 14 ਤਮਗਾ ਜੇਤੂ ਖਿਡਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਨੇ ਨਗਦ ਰਾਸ਼ੀ ਦੇ ਕੇ ਕੀਤਾ ਸਨਮਾਨਿਤ

ਸੋਨ ਤਮਗਾ ਜੇਤੂ ਨੂੰ 5 ਲੱਖ, ਚਾਂਦੀ ਲਈ 3 ਅਤੇ ਕਾਂਸਾ ਤਮਗਾ ਜਿੱਤਣ ’ਤੇ ਕੀਤੀ 2 ਲੱਖ ਰੁਪਏ ਦੀ ਨਗਦ ਰਾਸ਼ੀ ਪ੍ਰਦਾਨ

ਤਮਗਾ ਜੇਤੂ ਖਿਡਾਰੀਆਂ ਨੂੰ ਅਗਲੀਆਂ ਕੌਮੀ ਪੱਧਰ ਖੇਡਾਂ ਦੀ ਤਿਆਰੀ ਲਈ ਹਰ ਮਹੀਨੇ ਮਿਲਣਗੇ 16 ਹਜ਼ਾਰ ਰੁਪਏ

ਗੁਰਦਾਸਪੁਰ, 24 ਅਪ੍ਰੈਲ 2023 (ਮੰਨਣ ਸੈਣੀ)। ਸੂਬੇ ਅੰਦਰ ਖੇਡਾਂ ਨੂੰ ਪ੍ਰਫੁਲਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੌਮੀ ਖੇਡਾਂ ਵਿੱਚ ਤਮਗਾ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਜਾ ਰਹੇ ਹਨ। ਇਸੇ ਤਹਿਤ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਹੋਈਆਂ ਨੈਸ਼ਨਲ ਗੇਮਜ਼-2022 ਵਿੱਚ ਤਮਗੇ ਪ੍ਰਾਪਤ ਕਰਨ ਵਾਲੇ ਸੂਬੇ ਦੇ 141 ਖਿਡਾਰੀਆਂ ਨੰੂ ਚੰਡੀਗੜ ਦੇ 35 ਸੈਕਟਰ ਵਿਖੇ ਸਥਾਪਿਤ ਮਿਊਂਸਿਪਲ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ 5.43 ਕਰੋੜ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫ਼ਸਰ ਗੁਰਦਾਸਪੁਰ ਸ. ਸੁਖਚੈਨ ਸਿੰਘ ਨੇ ਦੱਸਿਆ ਕਿ ਇਨਾਂ ਨੈਸ਼ਨਲ ਗੇਮਜ਼ ਵਿੱਚ ਗੁਰਦਾਸਪੁਰ ਜ਼ਿਲੇ ਦੇ 14 ਖਿਡਾਰੀਆਂ ਨੇ ਵੀ ਤਮਗੇ ਹਾਸਿਲ ਕੀਤੇ ਸਨ। ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਖਿਡਾਰੀ ਵਰਿੰਦਰ ਸਿੰਘ ਜੌਹਲ ਨੇ ਫੈਨਸਿੰਗ ਅਤੇ ਅਵਤਾਰ ਸਿੰਘ ਨੇ ਜੁਡੋ ਦੀ ਖੇਡ ਵਿੱਚ ਸੋਨ ਤਮਗੇ ਹਾਸਿਲ ਕੀਤੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਨਾਂ ਖਿਡਾਰੀ ਨੂੰ 10-10 ਲੱਖ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।

ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਬਸਕਿਟਬਾਲ ਖਿਡਾਰੀ ਗੁਰਵਿੰਦਰ ਸਿੰਘ ਨੇ ਚਾਂਦੀ ਦਾ ਤਮਗਾ, ਫੈਨਸਿੰਗ ਵਿੱਚ ਜਗਮੀਤ ਕੌਰ ਨੇ ਵਿਅਕਤੀਗਤ ਅਤੇ ਟੀਮ ਵਰਗ ਵਿੱਚ ਚਾਂਦੀ ਦਾ ਤਮਗਾ, ਜੁਡੋ ਵਿੱਚ ਰਵਨੀਤ ਕੌਰ, ਕਰਨਜੀਤ ਸਿੰਘ ਮਾਨ, ਅਵਤਾਰ ਸਿੰਘ, ਜਤਿੰਦਰ ਸਿੰਘ ਅਤੇ ਜਗਤਾਰ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ। ਇਸੇ ਤਰਾਂ ਜੁਡੋ ਵਿੱਚ ਰਨਜੀਤਾ, ਰਵਨੀਤ ਕੌਰ ਨੇ ਕਾਂਸੀ ਦਾ ਤਮਗਾ ਅਤੇ ਫੈਨਸਿੰਗ ਵਿੱਚ ਵਰਿੰਦਰ ਸਿੰਘ ਜੌਹਲ ਨੇ ਵਿਅਕਤੀਗਤ ਵਰਗ ਵਿੱਚ ਅਤੇ ਨੇਕਪ੍ਰੀਤ ਸਿੰਘ ਨੇ ਟੀਮ ਵਰਗ ਵਿੱਚ ਕਾਂਸੀ ਤਮਗਾ ਹਾਸਲ ਕੀਤਾ। ਮੁੱਖ ਮੰਤਰੀ ਵੱਲੋਂ ਚਾਂਦੀ ਤਮਗਾ ਜੇਤੂ ਖਿਡਾਰੀਆਂ ਨੂੰ 3 ਲੱਖ ਰੁਪਏ ਅਤੇ ਕਾਂਸੇ ਦਾ ਤਮਗਾ ਜਿੱਤਣ ’ਤੇ ਪੰਜਾਬ ਸਰਕਾਰ ਵੱਲੋਂ ਊਸਨੂੰ 2 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ।

ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਨ੍ਹਾਂ ਜੇਤੂ ਖਿਡਾਰੀਆਂ ਨੂੰ ਅਗਲੀਆਂ ਕੌਮੀ ਪੱਧਰ ਦੀਆਂ ਖੇਡਾਂ ਦੀ ਤਿਆਰੀ ਲਈ ਹਰ ਮਹੀਨੇ 16 ਹਜ਼ਾਰ ਰੁਪਏ ਦਿੱਤੇ ਜਾਣਗੇ, ਤਾਂ ਜੋ ਊਹ ਹੋਰ ਵਧੀਆ ਢੰਗ ਨਾਲ ਆਪਣਾ ਅਭਿਆਸ ਜਾਰੀ ਰੱਖਣ ਅਤੇ ਅਗਲੀਆਂ ਹੋਣ ਵਾਲੀਆਂ ਕੌਮੀ ਪੱਧਰ ਦੀਆਂ ਖੇਡਾਂ ਵਿੱਚ ਵੱਧ ਤੋਂ ਵੱਧ ਤਮਗੇ ਹਾਸਿਲ ਕਰ ਸਕਣ।

Exit mobile version