ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਕੀਤਾ ਜਾਰੀ


ਚੰਡੀਗੜ੍ਹ, 18 ਅਪ੍ਰੈਲ 2023 (ਦੀ ਪੰਜਾਬ ਵਾਇਰ)। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਵਣ ਕੰਪਲੈਕਸ, ਮੋਹਾਲੀ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਜਾਰੀ ਕੀਤਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਬਾਲ ਅਧਿਕਾਰ ਕਮਿਸ਼ਨ ਪੰਜਾਬ ਵਿੱਚ ਬਾਲ ਅਧਿਕਾਰਾਂ ਦੀ ਸੁਰੱਖਿਆ ਐਕਟ, 2005 ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਇੱਕ ਸਹਾਇਤਾ ਪ੍ਰਣਾਲੀ ਵਜੋਂ ਕੰਮ ਕਰਦਾ ਹੈ। ਇਸ ਲੋਗੋ ਵਿੱਚ ਪੰਜਾਬ ਦਾ ਭੌਤਿਕ ਨਕਸ਼ਾ, ਚਾਰ ਬੱਚਿਆਂ ਦੇ ਚਿੱਤਰਾਂ ਦੇ ਨਾਲ ਇੱਕ ਘੁਮਾਵਦਾਰ ਗੋਲਾ(ਚਾਪ) ਹੈ, ਜਿਸ ਨੂੰ ਕਿ ਹੇਠਾਂ ਇੱਕ ਹੱਥ ਦੁਆਰਾ ਸਹਾਰਾ ਦਿੱਤਾ ਹੋਇਆ ਹੈ, ਜੋ ਬੱਚਿਆਂ ਲਈ ਅਧਿਕਾਰ, ਉਮੀਦ, ਭਰੋਸਾ ਅਤੇ ਸਹਾਇਤਾ ਦਾ ਪ੍ਰਤੀਕ ਹੈ। ਇਹ ਲੋਗੋ ਬੱਚਿਆਂ ਦੀ ਭਲਾਈ ਅਤੇ ਬਾਲ ਅਧਿਕਾਰਾਂ ਪ੍ਰਤੀ ਕਮਿਸ਼ਨ ਦੇ ਭਰੋਸੇਮੰਦ ਅਤੇ ਕੁਸ਼ਲ ਕੰਮਕਾਜ ‘ਤੇ ਰੌਸ਼ਨੀ ਪਾਉਂਦਾ ਹੈ। ਮੰਤਰੀ ਵੱਲੋਂ ਲੋਗੋਂ ਤਿਆਰ ਕਰਨ ਵਾਲੀ ਪ੍ਰੋ.ਅੰਜਲੀ ਅਗਰਵਾਲ ਦੀ ਸ਼ਲਾਘਾ ਕੀਤੀ, ਜਿਸ ਵੱਲੋਂ ਬਹੁਤ ਮਿਹਨਤ ਅਤੇ ਲਗਨ ਨਾਲ ਲੋਗੋਂ ਤਿਆਰ ਕੀਤਾ ਗਿਆ ਹੈ।

ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਇਹ ਲੋਗੋ ਬੱਚਿਆਂ ਦੇ ਜੀਵਨ ਵਿਕਾਸ ਦੇ ਚਾਰ ਪੜਾਵਾਂ ਨੁੰ ਰੂਪਮਾਨ ਕਰਦਾ ਹੈ।

ਡਾ. ਬਲਜੀਤ ਕੌਰ ਨੇ ਭਰੋਸਾ ਪ੍ਰਗਟਾਇਆ ਕਿ ਲੋਗੋ ਕਮਿਸ਼ਨ ਦੇ ਮਿਸ਼ਨ ਦੇ ਇੱਕ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਕੰਮ ਕਰੇਗਾ ਅਤੇ ਸਾਡੇ ਸਮਾਜ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰੇਗਾ।

Exit mobile version