ਗੁਰਦਾਸਪੁਰ ਅੰਦਰ ਆਵਾਰਾ ਕੁੱਤਿਆਂ ਦੀ ਦਹਿਸ਼ਤ, 12 ਘੰਟਿਆ ਦੌਰਾਨ ਕਈਆਂ ਨੂੰ ਬਣਾਇਆ ਸ਼ਿਕਾਰ

ਬਹਿਰਾਮਪੁਰ ਰੋਡ ਸਥਿਤ ਹੈਲਥ ਕੱਲਬ ਵਾਲੀ ਗਲੀ ਵਿੱਚ ਆਪਣੇ ਤਿੰਨ ਸਾਲ ਦੇ ਬੱਚੇ ਨੂੰ ਮਾਂ ਨੇ ਬਚਾਇਆ, ਸੀਸੀਟੀਵੀ ਫੁਟੇਜ ਆਈ ਸਾਹਮਣੇ।

ਗੁਰਦਾਸਪੁਰ, 15 ਅਪ੍ਰੈਲ 2023 (ਮੰਨਣ ਸੈਣੀ)। ਗੁਰਦਾਸਪੁਰ ਸ਼ਹਿਰ ਅੰਦਰ ਅਵਾਰਾ ਕੁੱਤਿਆਂ ਦੀ ਦਹਿਸ਼ਤ ਮੁੱੜ ਤੋਂ ਵਧਣ ਲੱਗ ਪਈ ਹੈ। ਇਨ੍ਹਾਂ ਆਵਾਰਾ ਕੁੱਤਿਆਂ ਵੱਲੋਂ ਦੋ ਵੱਖ ਵੱਖ ਘਟਨਾਵਾਂ ਵਿੱਚ 8 ਵਿਅਕਤੀਆਂ ਨੂੰ ਵੱਢ ਕੇ ਜ਼ਖਮੀ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਆਵਾਰਾ ਕੱਤਿਆਂ ਦਾ ਝੰਡ ਗੁਰਦਾਸਪੁਰ ਸ਼ਹਿਰ ਅੰਦਰ ਆਮ ਵੇਖਣ ਨੂੰ ਮਿਲ ਰਿਹਾ ਜੋ ਛੋਟੇ ਬੱਚਿਆ ਅਤੇ ਮਹਿਲਾਵਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਕੁੱਤਿਆ ਦਾ ਇਹ ਝੰਡ ਮੰਛੀ ਮਾਰਕਿਟ, ਮੇਨ ਬਾਜ਼ਾਰ, ਬਹਿਰਾਮਪੁਰ ਰੋਡ, ਜੇਲ ਰੋਡ ਆਦਿ ਵੇਖਣ ਨੂੰ ਮਿਲ ਰਹੇ ਹਨ। ਉਧਰ ਇਹ ਪੂਰਾ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਨਗਰ ਕੌਸਿਲ ਦੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ।

ਦੱਸਣਯੋਗ ਹੈ ਕਿ ਪਹਿਲੀ ਘਟਨਾ ਸ਼ਹਿਰ ਦੇ ਬਹਿਰਾਮਪੁਰ ਰੋਡ ਸਥਿਤ ਹੈਲਥ ਕਲੱਬ ਵਾਲੀ ਗਲੀ ਵਿਖੇ ਹੋਈ ਜਿਥੇ ਕੱਲ ਸ਼ਾਮ 6 ਵਜੇ ਦੇ ਕਰੀਬ ਚਾਰ ਅਵਾਰਾ ਕੁੱਤਿਆਂ ਦੇ ਝੁੰਡ ਨੇ ਗਲੀ ਵਿੱਚੋਂ ਗੁਜ਼ਰਦੇ ਕਈ ਲੋਕਾਂ ਤੇ ਹਮਲਾ ਕੀਤਾ। ਕੁੱਤਿਆਂ ਦੇ ਇਸ ਹਮਲੇ ਦੌਰਾਨ 6 ‌ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਵਿਚ ਇਕ ਔਰਤ ਤੇ ਇੱਕ ਤਿੰਨ ਸਾਲ ਦਾ ਮਾਸੂਮ ਬੱਚਾ ਵੀ ਸ਼ਾਮਲ ਹਨ। ਮਾਂ ਵੱਲੋਂ ਆਪਣੇ ਬੱਚੇ ਨੂੰ ਬੇਹੱਦ ਮੁਸ਼ਕਿਲ ਨਾਲ ਕੱਤੇ ਕੋਲੋਂ ਬਚਾਇਆ ਗਿਆ ਜਿਸ ਵਿੱਚ ਆਪ ਮਾਂ ਜਖਮੀ ਹੋ ਗਈ।

ਇਸੇ ਤਰ੍ਹਾਂ ਦੂਸਰੀ ਘਟਨਾ ਵਿੱਚ ਸਵੇਰੇ ਤੜਕਸਾਰ ਜੇਲ੍ਹ ਰੋਡ ਤੇ ਸੈਰ ਕਰ ਰਹੇ ਸ਼ਹਿਰ ਦੇ ਇਕ ਵਿਅਕਤੀ ਤੇ ਅਵਾਰਾ ਕੁੱਤਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਜਦੋਂ ਉਥੇ ਗੈਰਜ ਵਿੱਚੋ ਆਪਣੀ ਕਾਰ ਲੈਣ ਆਏ ਰੇਲਵੇ ਰੋਡ ਤੇ ਰਹਿਣ ਵਾਲੇ ਐਡਵੋਕੇਟ ਹਰਪਾਲ ਸਿੰਘ ‌ ਨੇ ਵੇਖਿਆ ਤਾਂ ਉਨ੍ਹਾਂ ਨੇ ਅੱਗੇ ਆ ਕੇ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਤੇ ਉਨ੍ਹਾਂ ਦੇ ਪਿੱਛੇ ਵੀ ਪੈ ਗਏ ਅਤੇ ਉਹਨਾਂ ਦੇ ਵੀ ਦੰਦ ਲਗਾ ਦਿੱਤੇ।ਐਡਵੋਕੇਟ ਹਰਪਾਲ ਸਿੰਘ ਇਸ ਦੀ ਸ਼ਿਕਾਇਤ ਪੱਤਰ ਲਿਖ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਕੀਤੀ ਹੈ।

ਦੱਸ ਦੇਈਏ ਕਿ ਸਾਲ ਕੁ ਭਰ ਪਹਿਲਾਂ ਨਗਰ ਕੌਂਸਲ ਵੱਲੋਂ ਸ਼ੁਰੂ ਕੀਤੀ ਗਈ ਅਵਾਰਾ ਕੁੱਤਿਆਂ ਦੀ ਨਸਬੰਦੀ ਦੀ ਕਾਰਵਾਈ ਦਾ ਕੋਈ ਸਿੱਟਾ ਨਿਕਲਦਾ ਨਜ਼ਰ ਨਹੀਂ ਆਇਆ। ਉਸ ਸਮੇਂ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਅਵਾਰਾ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਨਸਬੰਦੀ ਕਰਨ ਦੇ ਦਾਅਵੇ ਕੀਤੇ ਗਏ ਸਨ ਅਤੇ ਨਸਬੰਦੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਸੜਕ ਤੇ ਛੱਡ ਦਿੱਤਾ ਗਿਆ ਸੀ ਪਰ ਅਵਾਰਾ ਕੁੱਤਿਆਂ ਦੀ ਗਿਣਤੀ ਸ਼ਹਿਰ ਵਿੱਚ ਦਿਨ-ਬ -ਦਿਨ ਵਧਦੀ ਜਾ ਰਹੀ ਹੈ। ਸ਼ਹਿਰ ਦੇ ਲਗਭਗ ਹਰ ਇਲਾਕੇ ਵਿਚ ਕੁੱਤੇ ਝੁੰਡ ਬਣਾ ਕੇ ਘੁੰਮਦੇ ਨਜ਼ਰ ਆਉਂਦੇ ਹਨ। ਦੂਜੇ ਪਾਸੇ ਸ਼ਹਿਰ ਵਿਚ ਰੈਬੀਜ ਦੇ ਇੰਜੈਕਸ਼ਨ ਕੁੱਤਿਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਪ੍ਰਾਈਵੇਟ ਦੁਕਾਨਾਂ ਤੋਂ ਲੈ ਕੇ ਲਗਵਾਉਣੇ ਪੈਂਦੇ ਹਨ ਕਿਉਂਕਿ ਸਿਵਲ ਹਸਪਤਾਲ ਬੱਬਰੀ ਸ਼ਹਿਰ ਤੋਂ ਲੱਗਭਗ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਇਸ ਸਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਜਾਣਕਾਰੀ ਮਿਲਣ ਤੇ ਤਤੱਕਾਲ ਇਸ ਸਬੰਧੀ ਨਗਰ ਕੌਸਿਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਕਾਰਵਾਈ ਕਰਨ ਦੀ ਗੱਲ਼ ਕਹੀ ਗਈ ਹੈ। ਉਨਾਂ ਕਿਹਾ ਕਿ ਉਹ ਇਸ ਸਬੰਧੀ ਪੂਰੀ ਜਾਣਕਾਰੀ ਹਾਸਿਲ ਕਰ ਅਗਲੀ ਕਾਰਵਾਈ ਅਮਲ ਵਿੱਚ ਲਿਆਉਣਗੇਂ ਅਤੇ ਲੋਕਾਂ ਨੂੰ ਦਹਿਸ਼ਤ ਤੋਂ ਬਾਹਰ ਕੱਢਣਗੇ।

Exit mobile version