ਅੰਤਰਰਾਸ਼ਟਰੀ ਜੂਡੋ ਖਿਡਾਰੀ ਜਸਲੀਨ ਸੈਣੀ ਤੋਂ ਖੇਡ ਪ੍ਰੇਮੀਆਂ ਨੂੰ ਵੱਡੀਆਂ ਆਸਾਂ

ਉਪਨ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਆਪਣੀ ਓਲੰਪਿਕ ਕੁਆਲੀਫਾਈ ਯਾਤਰਾ ਦਾ ਆਗਾਜ ਕਰੇਗਾ ਜਸਲੀਨ

ਗੁਰਦਾਸਪੁਰ 14 ਅਪ੍ਰੈਲ 2023 (ਮੰਨਣ ਸੈਣੀ)। ਏਸ਼ੀਅਨ ਖੇਡਾਂ 2023 ਦੇ ਕੈਂਪ ਲਈ ਚੋਣ ਸਮੇਂ ਅੰਤਰਰਾਸ਼ਟਰੀ ਜੂਡੋ ਖਿਡਾਰੀ ਜਸਲੀਨ ਸੈਣੀ ਨੇ 66 ਕਿਲੋ ਭਾਰ ਵਰਗ ਵਿੱਚ ਆਪਣੇ ਹਮ ਰੁੱਤਬਾ ਖਿਡਾਰੀਆਂ ਨੂੰ ਮਾਤ ਦੇ ਕੇ ਭਾਰਤ ਦੇ ਨੰਬਰ ਇਕ ਖਿਡਾਰੀ ਹੋਣ ਦਾ ਸਬੂਤ ਦਿੱਤਾ ਹੈ। ਜਸਲੀਨ ਸੈਣੀ ਅੰਤਰਰਾਸ਼ਟਰੀ ਪੱਧਰ ਦੇ ਜੂਡੋ ਮੁਕਾਬਲਿਆਂ ਵਿੱਚ ਭਾਗ ਲੈ ਕੇ ਹੁਣ ਓਲੰਪਿਕ ਖੇਡਾਂ 2024 ਲਈ ਭਾਗ ਲੈਣ ਲਈ ਜਦੋਜਹਿਦ ਕਰੇਗਾ। ਇਸ ਦੀ ਸ਼ੁਰੂਆਤ ਕਰਨ ਲਈ ਉਸਨੇ ਜੂਡੋ ਦੇ ਸੀਨੀਅਰ ਖਿਡਾਰੀ ਅਤੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸ੍ਰ ਵਰਿੰਦਰ ਸਿੰਘ ਐਸ ਐਸ ਪੀ ਵਿਜੀਲੈਂਸ ਵਿਭਾਗ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਖਿਡਾਰੀ ਨੂੰ ਹੌਸਲਾਅਫਜ਼ਾਈ ਦਿੰਦਿਆਂ ਵਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦਾ ਸਮੁੱਚਾ ਜੂਡੋ ਪਰਿਵਾਰ ਉਸ ਦੇ ਨਾਲ ਹੈ। ਓਲੰਪਿਕ ਵਿਚ ਕੁਆਲੀਫਾਈ ਹੋਣ ਲਈ ਉਸਨੂੰ ਜਿਸ ਪ੍ਰਕਾਰ ਦੀ ਮਦਦ ਦੀ ਜ਼ਰੂਰਤ ਹੋਵੇਗੀ। ਪੰਜਾਬ ਦੇ ਖੇਡ ਪ੍ਰੇਮੀ ਉਸ ਦੀ ਹਰ ਸੰਭਵ ਮਦਦ ਕਰਨਗੇ।

ਇਸ ਮੌਕੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਜਸਲੀਨ ਸੈਣੀ ਅਪ੍ਰੈਲ ਮਹੀਨੇ ਦੇ ਆਖਰੀ ਹਫਤੇ ਓਪਨ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਆਪਣੀ ਓਲੰਪਿਕ ਕੁਆਲੀਫਾਈ ਯਾਤਰਾ ਦਾ ਆਗਾਜ਼ ਕਰੇਗਾ। ਮਈ ਮਹੀਨੇ ਵਿੱਚ ਉਹ ਆਸਟ੍ਰਿਯਾ ਵਿਖੇ ਵਿਸ਼ਵ ਪੱਧਰੀ ਜੂਡੋ ਮੁਕਾਬਲਿਆਂ ਵਿੱਚ ਭਾਗ ਲੈਕੇ ਆਪਣੀ ਯੋਗਤਾ ਅੰਕਾ ਵਿਚ ਵਾਧਾ ਕਰੇਗਾ। ਓਲੰਪਿਕ ਖੇਡਾਂ ਵਿੱਚ ਸ਼ਾਮਲ ਹੋਣ ਲਈ ਉਸ ਨੂੰ ਵਿਸ਼ਵ ਪੱਧਰੀ ਕਈ ਮੁਕਾਬਲੇ ਖੇਡਣੇ ਪੈਣਗੇ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਸਨੂੰ ਕਈ ਲੱਖ ਰੁਪਏ ਦਾ ਖਰਚਾ ਖੁੱਦ ਉਠਾਉਣਾ ਪਵੇਗਾ। ਜੋ ਕਿ ਇਕ ਸਾਧਾਰਨ ਪਰਿਵਾਰ ਦੇ ਮੈਂਬਰ ਲਈ ਮੁਸ਼ਕਲ ਹੈ। ਪਿਛਲੇ ਦਿਨੀਂ ਉਸ ਨੇ ਗੁਰਦਾਸਪੁਰ ਦੇ ਮਾਨਯੋਗ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ, ਅਤੇ ਹੋਰ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਸੀ ਕਿ ਉਸ ਦੇ ਓਲੰਪਿਕ ਖੇਡਾਂ ਸਫ਼ਰ ਲਈ ਉਸ ਦੀ ਆਰਥਿਕ ਮਦਦ ਕਰਨ। ਉਸ ਦੇ ਕੋਚ ਰਵੀ ਕੁਮਾਰ, ਸਤੀਸ਼ ਕੁਮਾਰ ਨੂੰ ਪੂਰੀ ਆਸ ਹੈ ਕਿ ਉਹ ਆਪਣੀ ਸਖ਼ਤ ਮਿਹਨਤ ਸਦਕਾ ਗੁਰਦਾਸਪੁਰ ਵਾਸੀਆਂ ਨੂੰ ਨਿਰਾਸ਼ ਨਹੀਂ ਕਰੇਗਾ।

Exit mobile version