ਡਾ. ਭੀਮ ਰਾਓ ਅੰਬੇਦਕਰ ਜੀ ਦੇ 132ਵੇਂ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

ਡਾ. ਭੀਮ ਰਾਓ ਅੰਬੇਦਕਰ ਵੱਲੋਂ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਹਰ ਵਿਅਕਤੀ ਆਪਣੇ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਵੇ – ਡਿਪਟੀ ਕਮਿਸ਼ਨਰ

ਸੰਵਿਧਾਨ ਵਿੱਚ ਦਿੱਤੇ ਅਧਿਕਾਰਾਂ ਨੂੰ ਮਾਨਣ ਦੇ ਨਾਲ ਦੇਸ਼ ਅਤੇ ਸਮਾਜ ਪ੍ਰਤੀ ਆਪਣੇ ਫਰਜਾਂ ਦੀ ਅਦਾਇਗੀ ਵੀ ਕੀਤੀ ਜਾਵੇ – ਐੱਸ.ਐੱਸ.ਪੀ. ਗੁਰਦਾਸਪੁਰ

ਗੁਰਦਾਸਪੁਰ, 14 ਅਪ੍ਰੈਲ 2023 ( ਦੀ ਪੰਜਾਬ ਵਾਇਰ) । ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦੇ 132ਵੇਂ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਡਾ: ਭੀਮ ਰਾਓ ਅੰਬੇਦਕਰ ਦੇ ਬੁੱਤ ’ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦਾਇਮਾ ਹਰੀਸ਼ ਓਮ ਪ੍ਰਕਾਸ਼, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ, ਜ਼ਿਲ੍ਹਾ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ. ਸੁਖਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਅਮਰਜੀਤ ਸਿੰਘ ਭਾਟੀਆ, ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਐਕਸੀਅਨ ਸ੍ਰੀ ਜਤਿੰਦਰ ਮੋਹਨ, ਤਹਿਸੀਲਦਾਰ ਸ੍ਰੀ ਜਗਤਾਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਬਾਬਾ ਸਾਹਿਬ ਦੇ ਬੁੱਤ ਉੱਪਰ ਸ਼ਰਧਾ-ਸੁਮਨ ਭੇਟ ਕੀਤੇ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਦੇ 132ਵੇਂ ਜਨਮ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇੱਕ ਸਾਧਾਰਣ ਪਰਿਵਾਰ ’ਚ ਜਨਮੇ ਬਾਬਾ ਸਾਹਿਬ ਨੇ ਬੇਹੱਦ ਔਕੜਾਂ ਦਾ ਸਾਹਮਣਾ ਕੀਤਾ ਪਰ ਇਸ ਦੇ ਬਾਵਜੂਦ ਉਪ ਆਪਣੀ ਲਿਆਕਤ ਅਤੇ ਲਗਨ ਸਦਕਾ ਵਿਦਵਾਨ, ਕਾਨੂੰਨਦਾਨ, ਅਰਥ ਸ਼ਾਸਤਰੀ, ਸਮਾਜ ਸੁਧਾਰਕ ਅਤੇ ਰਾਜਨੀਤੀਵਾਨ ਵਜੋਂ ਦੁਨੀਆ ਭਰ ’ਚ ਸਤਿਕਾਰੇ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਇਸ ਮਹਾਨ ਸਖਸ਼ੀਅਤ ਨੂੰ ਸਾਨੂੰ ਆਪਣੇ ਆਦਰਸ਼ ਵਜੋਂ ਲੈਂਦਿਆਂ ਹਮੇਸ਼ਾਂ ਸਮਾਜ ਦੇ ਪਿਛੜੇ ਵਰਗਾਂ ਦੀ ਭਲਾਈ ਲਈ ਸਮਾਜਿਕ ਬਰਾਬਰੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਪਾਵਨ ਮੌਕੇ ਸਾਨੂੰ ਇਹ ਅਹਿਦ ਲੈਣਾ ਚਾਹੀਦਾ ਹੈ ਕਿ ਉਹ ਬਾਬਾ ਸਾਹਿਬ ਵੱਲੋਂ ਪਾਏ ਪੂਰਨਿਆਂ ’ਤੇ ਚੱਲਦੇ ਆਪਣੇ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ।

ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦਾਇਮਾ ਹਰੀਸ਼ ਓਮ ਪ੍ਰਕਾਸ਼ ਨੇ ਕਿਹਾ ਕਿ ਪੂਰੇ ਭਾਰਤ ਨੂੰ ਡਾ. ਭੀਮ ਰਾਓ ਅੰਬੇਦਕਰ ਜੀ `ਤੇ ਮਾਣ ਹੈ ਅਤੇ ਸਾਨੂੰ ਸਭ ਨੂੰ ਉਨ੍ਹਾਂ ਦੇ ਨਕਸ਼ੇ ਕਦਮ `ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਾਰ ਜੀ ਨੇ ਆਪਣਾ ਪੂਰਾ ਜੀਵਨ ਸਮਾਜਿਕ ਸਦਭਾਵਨਾ ਅਤੇ ਸਭ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਸਪਰਪਿਤ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਤਿਆਰ ਕੀਤੇ ਸੰਵਿਧਾਨ ਵਿੱਚ ਜਿਥੇ ਸਾਨੂੰ ਮੌਲਿਕ ਅਧਿਕਾਰ ਦਿੱਤੇ ਗਏ ਹਨ ਓਥੇ ਸਾਡੇ ਕੁਝ ਫਰਜ ਵੀ ਤਹਿ ਕੀਤੇ ਗਏ ਹਨ ਅਤੇ ਹਰ ਭਾਰਤੀ ਨੂੰ ਆਪਣੇ ਫਰਜਾਂ ਦੀ ਅਦਾਇਗੀ ਵੀ ਜਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਵੀ ਜ਼ਿਲ੍ਹਾ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।

Exit mobile version