11 ਕਰੋੜ ਦੀ ਪੈਡੀ ਖੁਰਦ ਬੁਰਦ ਕਰਨ ਦਾ ਮਾਮਲਾ; 2 ਸ਼ੈਲਰ ਮਾਲਕਾਂ ਨੂੰ ਹੋਈ ਤਿੰਨ-ਤਿੰਨ ਸਾਲ ਦੀ ਸਜ਼ਾ, ਦੋ ਸਰਕਾਰੀ ਅਧਿਕਾਰੀ ਹੋਏ ਬਰੀ

ਗੁਰਦਾਸਪੁਰ 13 ਅਪ੍ਰੈਲ 2023 (ਦੀ ਪੰਜਾਬ ਵਾਇਰ)। ਕਰੋੜਾਂ ਦੇ ਸਰਕਾਰੀ ਅਨਾਜ ਨੂੰ ਖੁਰਦ ਬੁਰਦ ਕਰਨ ਦੇ ਗਿਆਰਾਂ ਸਾਲ ਪੁਰਾਣੇ ਲਗਪਗ 11 ਕਰੋੜ ਦੇ ਘੁਟਾਲੇ ਵਿੱਚ ਮਾਨਯੋਗ ਅਦਾਲਤ ਵੱਲੋਂ ਦੋ ਸਰਕਾਰੀ ਅਧਿਕਾਰੀਆਂ ਨੂੰ ਬਾਇੱਜ਼ਤ ਬਰੀ ਕਰਨ ਦੇ ਹੁਕਮ ਸੁਣਾਏ ਗਏ ਹਨ ਜਦ ਕਿ ਸ਼ੈਲਰ ਦੇ ਦੋ ਮਾਲਕਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਦੇ ਹੁਕਮ ਸੁਣਾਏ ਗਏ ਹਨ। ਮਾਮਲੇ ਦੀ ਐਫ ਆਈ ਆਰ ਧਾਰਾ 406, 409 ,120 ਬੀ ਦੇ ਤਹਿਤ 12 ਜੁਲਾਈ 2012 ਨੂੰ ਵਿਜੀਲੈਸ ਬਿਉਰੋ ਦੇ ਅੰਮ੍ਰਿਤਸਰ ਥਾਣੇ ਵਿਚ ਦਰਜ ਕੀਤੀ ਗਈ ਸੀ। ਜਿਸ ਵਿੱਚ ਸ਼ੈੱਲਰ ਮਾਲਕ ਗੁਰਦੀਪ ਸਿੰਘ ਬੇਦੀ ਅਤੇ ਮਨਜੀਤ ਸਿੰਘ ਬੇਦੀ ਦੋਨੋ ਮੈਸਰਜ ਹਰਗੋਬਿੰਦ ਰਾਈਸ ਮਿੱਲ ਕਲਾਨੌਰ ਦੀ ਭਾਈਵਾਲ ਸਨ ਮੁੱਖ ਦੋਸ਼ੀ ਬਣਾਏ ਗਏ ਸਨ ਜਦਕਿ ਵੇਅਰ ਹਾਊਸ ਦੇ ਉਸ ਸਮੇਂ ਦੇ ਮੇਨੈਜਰ ਪਰਮਜੀਤ ਸਿੰਘ ਅਤੇ ਪਨਸਪ ਦੇ ਪਬਲਿਕ ਡਿਸਟ੍ਰੀਬਿਊਸ਼ਨ ਕਲਰਕ ਬੋਧਰਾਜ ਨੂੰ ਵੀ ਐਂਟੀ ਕਰਪਸ਼ਨ ਐਕਟ ਦੀ ਧਾਰਾ 13 ( 1),13(2 )ਦੇ ਤਹਿਤ ਦੋਸ਼ੀ ਬਣਾਇਆ ਗਿਆ ਸੀ। ਵਿਜੀਲੈਂਸ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਅਨੁਸਾਰ ਇਨ੍ਹਾਂ ਵੱਲੋਂ ਮਿਲੀਭਗਤ ਨਾਲ 6 ਕਰੋੜ 98 ਲੱਖ 48 ਹਜ਼ਾਰ 3 ਸੌ 95(6,98,48,395) ਰੁਪਏ ਦੀ ਵੇਅਰ ਹਾਊਸ ਅਤੇ 3 ਕਰੋੜ 34 ਲੱਖ 25 ਹਜ਼ਾਰ 493 ਰੁਪਏ ਦੀ (3,34,25,493) ਸਰਕਾਰੀ ਪੈਡੀ ਖੁਰਦ-ਬੁਰਦ ਕਰ ਦਿੱਤੀ ਗਈ ਸੀ।

ਇਹ ਪੈਡੀ ਸਾਲ 2010_ 11 ਦੇ ਸੀਜ਼ਨ ਦੌਰਾਨ ਸ਼ੈੱਲਰ ਮਾਲਕਾਂ ਨੂੰ ਮਿਲਿੰਗ ਲਈ ਵੇਅਰ ਹਾਊਸ ਅਤੇ ਪਨਸਪ ਵੱਲੋਂ ਭੇਜੀ ਗਈ ਸੀ। ਵਿਜੀਲੈਂਸ ਜਾਂਚ ਵਿਚ ਮੈਸਰਜ ਹਰਗੋਬਿੰਦ ਰਾਇਸ ਮਿਲ ਕਲਾਨੌਰ ਦੇ ਦੋ ਪਾਰਟਨਰਾਂ ਗੁਰਦੀਪ ਸਿੰਘ ਬੇਦੀ ਅਤੇ ਮਨਜੀਤ ਸਿੰਘ ਬੇਦੀ ਸਮੇਤ ਵੇਅਰ ਹਾਊਸ ਦੇ ਮੈਨੇਜਰ ਪਰਮਜੀਤ ਸਿੰਘ ਅਤੇ ਪਨਸਪ ਦੇ ਗੋਦਾਮ ਕਰਮਚਾਰੀ ਬੋਧਰਾਜ ਨੂੰ ਵੀ ਦੋਸ਼ੀ ਮੰਨਦੇ ਹੋਏ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਸੀ।

ਮਾਮਲੇ ਦੀ ਸੁਣਵਾਈ ਦੌਰਾਨ ਮੈਨੇਜਰ ਪਰਮਜੀਤ ਸਿੰਘ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਹ ਘੁਟਾਲਾ ਖੁਦ ਉਦੋਂ ਦੇ ਮੈਨੇਜਰ ਪਰਮਜੀਤ ਸਿੰਘ ਵੱਲੋਂ ਹੀ ਆਪਣੇ ਜ਼ਿਲ੍ਹਾ ਮੈਨੇਜਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਜਿਲਾ ਮੈਨੇਜਰ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਸੀ। ਜਦ ਕਿ ਮੁੱਦਈ ਦੇ ਵਕੀਲ ਭਾਰਤ ਭੂਸ਼ਨ ਅਗਰਵਾਲ ਨੇ ਦਲੀਲ ਦਿੱਤੀ ਕਿ ਵਿਭਾਗ ਵੱਲੋਂ ਕੀਤੀ ਗਈ ਸ਼ਿਕਾਇਤ ਵਿਚ ਬੋਧਰਾਜ ਸ਼ਾਮਲ ਨਹੀਂ ਸੀ, ਵਿਜੀਲੈਂਸ ਵੱਲੋਂ ਉਸ ਨੂੰ ਨਜਾਇਜ ਲਪੇਟ ਵਿੱਚ ਲਿਆ ਗਿਆ। ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਦੋਹਾਂ ਸ਼ੈੱਲਰ ਮਾਲਕਾਂ ਗੁਰਦੀਪ ਸਿੰਘ ਬੇਦੀ ਅਤੇ ਮਨਜੀਤ ਸਿੰਘ ਨੂੰ ਮਾਮਲੇ ਵਿੱਚ ਦੋਸ਼ੀ ਮੰਨਦੇ ਹੋਏ ਨੂੰ ਤਿੰਨ-ਤਿੰਨ ਸਾਲ ਦੀ ਕੈਦ ਅਤੇ ਦਾ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਦ ਕਿ ਦੋਹਾਂ ਸਰਕਾਰੀ ਅਧਿਕਾਰੀਆਂ ਪਰਮਜੀਤ ਸਿੰਘ ਅਤੇ ਪਨਸਪ ਦੇ ਬੋਧਰਾਜ ਨੂੰ ਬਾਇੱਜ਼ਤ ਬਰੀ ਕਰਨ ਦੇ ਹੁਕਮ ਸੁਣਾਏ ਹਨ।

Exit mobile version