ਡਿਪਟੀ ਕਮਿਸ਼ਨਰ ਨੇ ਵਿਦਿਆਰਥਣ ਸੁਨੇਹਾ ਨੂੰ ਨਵਾਂ ਟਰਾਈ ਸਾਈਕਲ ਦਿੱਤਾ, ਟਰਾਈ ਸਾਈਕਲ ਨਾ ਹੋਣ ਕਾਰਨ ਸਕੂਲ ਜਾਣ ’ਚ ਹੋ ਰਹੀ ਸੀ ਪਰੇਸ਼ਾਨੀ

ਗੁਰਦਾਸਪੁਰ, 11 ਅਪ੍ਰੈਲ 2023 (ਮੰਨਣ ਸੈਣੀ )। ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਵੱਲੋਂ ਅੱਜ ਇੱਕ ਦਿਵਿਆਂਗ ਬੱਚੀ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਫ਼ਤ ਟਰਾਈ ਸਾਈਕਲ ਦਿੱਤਾ ਗਿਆ। ਬੀਤੇ ਦਿਨੀਂ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਚੱਲ ਰਹੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਅਫ਼ਗਾਨਾ ਦੀ ਇੱਕ ਦਿਵਿਆਂਗ ਬੱਚੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੋਰਾਂਗਲਾ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਉਸ ਕੋਲ ਟਰਾਈ ਸਾਈਕਲ ਨਾ ਹੋਣ ਕਰਕੇ ਉਸਨੂੰ ਸਕੂਲ ਜਾਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਵੀਡੀਓ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਨੂੰ ਇਸ ਸਬੰਧੀ ਤੁਰੰਤ ਪੜਤਾਲ ਕਰਕੇ ਰੀਪੋਰਟ ਕਰਨ ਲਈ ਕਿਹਾ।

ਰੀਪੋਰਟ ਵਿੱਚ ਪਤਾ ਚੱਲਿਆ ਕਿ ਪਿੰਡ ਸ਼ਾਹਪੁਰ ਅਫ਼ਗਾਨਾ ਦੀ ਵਿਦਿਆਰਥਣ ਸੁਨੇਹਾ ਦਾ ਪਹਿਲਾ ਟਰਾਈ ਸਕਾਈਲ ਟੁੱਟ ਗਿਆ ਸੀ ਅਤੇ ਇਹ ਬੱਚੀ 100 ਫੀਸਦੀ ਦਿਵਿਆਂਗ ਹੈ ਜਿਸ ਕਰਕੇ ਇਸਨੂੰ ਸਕੂਲ ਆਉਣ-ਜਾਣ ਸਮੇਂ ਭਾਰੀ ਮੁਸਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਰੀਪੋਰਟ ਮਿਲਣ ’ਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਹਦਾਇਤ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਸੁਨੇਹਾ ਨੂੰ ਨਵਾਂ ਟਰਾਈ ਸਾਈਕਲ ਦਿੱਤਾ ਜਾਵੇ ਤਾਂ ਜੋ ਉਹ ਸਕੂਲ ਵਿੱਚ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕੇ।

ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਿਦਿਆਰਥਣ ਸੁਨੇਹਾ ਨੂੰ ਉਸਦੇ ਪਿਤਾ ਪਵਨ ਕੁਮਾਰ, ਪ੍ਰਿੰਸੀਪਲ ਸ੍ਰੀ ਪੁਸ਼ਪਿੰਦਰ ਸ਼ਰਮਾਂ ਅਤੇ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਰਾਜੀਵ ਸਿੰਘ ਦੀ ਹਾਜ਼ਰੀ ਵਿੱਚ ਨਵਾਂ ਟਰਾਈ ਸਾਈਕਲ ਦਿੱਤਾ। ਡਿਪਟੀ ਕਮਿਸ਼ਨਰ ਨੇ ਪਿਆਰੀ ਧੀ ਰਾਣੀ ਸੁਨੇਹਾ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਨੇਹਾ ਨੂੰ ਪੜ੍ਹਾਈ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਸੁਨੇਹਾ ਨੂੰ ਕਿਹਾ ਕਿ ਉਹ ਪੂਰੀ ਮਿਹਨਤ ਤੇ ਲਗਨ ਨਾਲ ਆਪਣੀ ਪੜ੍ਹਾਈ ਪੂਰੀ ਕਰੇ। ਉਨ੍ਹਾਂ ਸੁਨੇਹਾ ਦੇ ਪਿਤਾ ਨੂੰ ਵੀ ਕਿਹਾ ਕਿ ਸੁਨੇਹਾ ਦੀ ਪੜ੍ਹਾਈ ਵਿੱਚ ਕੋਈ ਕਮੀਂ ਨਾ ਰਹਿਣ ਦਿੱਤੀ ਜਾਵੇ ਅਤੇ ਕਿਸੇ ਵੀ ਸਹਾਇਤਾ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।

Exit mobile version