ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਅਬਾਦ ਤਹਿਤ ਸਰਹੱਦੀ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਉਣ ਦਾ ਸਿਲਸਲਾ ਲਗਾਤਾਰ ਜਾਰੀ

ਅਗਲੇ ਹਫ਼ਤੇ ਤਿੰਨ ਦਰਜ਼ਨ ਸਰਹੱਦੀ ਪਿੰਡਾਂ ਵਿੱਚ ਮਿਸ਼ਨ ਅਬਾਦ ਤਹਿਤ ਲਗਾਏ ਜਾਣਗੇ ਮੁਫ਼ਤ ਮੈਡੀਕਲ ਕੈਂਪ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 31 ਮਾਰਚ ( ਮੰਨਣ ਸੈਣੀ)। ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਮਿਸ਼ਨ ਅਬਾਦ ਤਹਿਤ ਰੈੱਡ ਕਰਾਸ ਸੁਸਾਇਟੀ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਲਗਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੈਡੀਕਲ ਕੈਂਪਾਂ ਦਾ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਬਹੁਤ ਲਾਭ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬਜ਼ੁਰਗ ਅਤੇ ਬੀਮਾਰ ਵਿਅਕਤੀ ਆਪਣੇ ਇਲਾਜ ਲਈ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਨਹੀਂ ਜਾ ਪਾਉਂਦੇ ਅਤੇ ਅਜਿਹੇ ਵਿਅਕਤੀਆਂ ਲਈ ਇਹ ਮੈਡੀਕਲ ਕੈਂਪ ਵਰਦਾਨ ਸਾਬਤ ਹੋ ਰਹੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗਲੇ ਹਫ਼ਤੇ ਵਿੱਚ ਮਿਸ਼ਨ ਅਬਾਦ ਤਹਿਤ ਸਰਹੱਦੀ ਪਿੰਡਾਂ ਵਿੱਚ ਲਗਾਏ ਜਾਣ ਵਾਲੇ ਮੈਡੀਕਲ ਕੈਂਪਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 3 ਅਪ੍ਰੈਲ ਨੂੰ ਪਿੰਡ ਭਗਤਾਣਾ ਤੁਲੀਆਂ, ਭਗਤਾਣਾ ਬੋਹੜਵਾਲਾ, ਮੇਤਲਾ, ਅਗਵਾਨ, ਹਰੂਵਾਲ, ਜੀਵਨ ਚੱਕ, ਬੁਗਨਾਂ, ਤਲਵੰਡੀ, ਬੈਂਸ, ਖੁਸ਼ੀਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲੱਗਣਗੇ। ਇਸੇ ਤਰਾਂ 5 ਅਪ੍ਰੈਲ ਨੂੰ ਖਾਸਾਂਵਾਲੀ, ਪੱਲੇ ਨੰਗਲ, ਵੈਰੋਕੇ, ਠੇਠਰਕੇ, ਨਿੱਕਾ ਠੇਠਰਕੇ, ਚਿੱਟੀ, ਕਾਹਨਾਂ, ਜ਼ੈਨਪੁਰ, ਸ੍ਰੀਰਾਮ, ਠਾਕੁਰਪੁਰ, 6 ਅਪ੍ਰੈਲ ਨੂੰ ਘਣੀਏ ਕੇ ਬੇਟ, ਇਸਲਾਮਪੁਰ, ਸ਼ਮਸ਼ੇਰਪੁਰ, ਚੌਂਤਰਾ, ਸਲਾਚ, ਚੱਕਰੀ, 8 ਅਪ੍ਰੈਲ ਨੂੰ ਡਾਲਾ, ਮੰਗੀਆਂ, ਖੰਨਾ ਚਮਾਰਾ, ਨਿਕੋ ਸਰਾਏ, ਸ਼ਾਹਪੁਰ ਜਾਜਨ, ਧੀਦੋਵਾਲ, ਰੋਸੇ, ਲੋਪਾ, ਪਕੀਵਾਂ ਅਤੇ ਮਾਮਨਪੁਰ ਪਿੰਡਾਂ ਵਿਖੇ ਮੁਫ਼ਤ ਮੈਡੀਕਲ ਕੈਂਪ ਲੱਗਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮੈਡੀਕਲ ਕੈਂਪਾਂ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ ਇਨ੍ਹਾਂ ਕੈਂਪਾਂ ਵਿੱਚ ਆਉਣ ਵਾਲੇ ਯੋਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ, ਪ੍ਰਧਾਨ ਮੰਤਰੀ ਮੁਧਰਾ ਧੰਨ ਪੈਨਸ਼ਨ ਯੋਜਨਾ ਅਤੇ ਈ-ਸ਼ਰੱਮ ਇੰਸੋਰੈਂਸ ਯੋਜਨਾ ਲਈ ਵੀ ਨਾਮ ਰਜਿਸਟਰਡ ਕੀਤੇ ਜਾਂਦੇ ਹਨ। ਉਨ੍ਹਾਂ ਸਰਹੱਦੀ ਖੇਤਰ ਦੀ ਵਸੋਂ ਨੂੰ ਇਨ੍ਹਾਂ ਮੈਡੀਕਲ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

Exit mobile version