ਡਿਪਟੀ ਕਮਿਸ਼ਨਰ ਵੱਲੋਂ ਆੜਤੀਆਂ ਨੂੰ ਕਣਕ ਦੇ ਖਰੀਦ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਪ੍ਰਬੰਧ ਮੁਕੰਮਲ ਕਰਨ ਦੀਆਂ ਹਦਾਇਤਾਂ

ਕਿਸਾਨਾਂ ਦੀ ਸਹੂਲਤ ਲਈ ਕੰਟਰੋਲ ਰੂਮ ਦਾ ਨੰਬਰ 01874-247109 ਜਾਰੀ ਕੀਤਾ

ਗੁਰਦਾਸਪੁਰ, 31 ਮਾਰਚ (ਮੰਨਣ ਸੈਣੀ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਸਮੂਹ ਆੜਤੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਣਕ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੰਡੀਆਂ ਵਿੱਚ ਆਪਣੇ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਮੁਕੰਮਲ ਕਰ ਲੈਣ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਕਣਕ ਦੇ ਸੀਜਨ ਦੌਰਾਨ ਮੰਡੀਆਂ ਵਿੱਚ ਆਮ ਤੌਰ ’ਤੇ ਆੜਤੀਆਂ ਵਲੋਂ ਕਿਸਾਨਾਂ ਦੀ ਜਿਣਸ ਦੇ ਵੱਡੇ-ਵੱਡੇ ਢੇਰ ਲਗਾਏ ਜਾਂਦੇ ਹਨ ਜਿਸ ਨਾਲ ਮੰਡੀਆਂ ਅੰਦਰ ਆੜਤੀਆਂ ਵਲੋਂ ਬਾਰਦਾਨੇ ਦੀ ਘਾਟ ਦੱਸ ਕੇ ਗਲੱਟ ਦਾ ਬਹਾਨਾ ਲਗਾਇਆ ਜਾਂਦਾ ਹੈ ਅਤੇ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਜਦਕਿ ਹਾੜੀ ਸੀਜਨ 2023 ਸ਼ੁਰੂ ਹੋਣ ਵਾਲਾ ਹੈ ਅਤੇ ਮੰਡੀਆਂ ਵਿੱਚ ਲੋੜੀਂਦੇ ਸੀਜ਼ਨਲ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਇਸ ਨੂੰ ਮੱਦੇਨਜਰ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਆੜਤੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਵਲੋਂ ਲਿਆਂਦੀ ਜਾਣ ਵਾਲੀ ਜਿਣਸ ਦੇ ਵੱਡੇ-ਵੱਡੇ ਢੇਰ ਲਗਾਉਣ ਦੀ ਪ੍ਰਥਾ ਨੂੰ ਬੰਦ ਕੀਤਾ ਜਾਵੇ ਅਤੇ ਆਈ ਹੋਈ ਜਿਣਸ ਦੀ ਉਸੇ ਦਿਨ ਹੀ ਸਫ਼ਾਈ/ਤੁਲਾਈ ਕਰਕੇ ਬੋਰੀਆਂ ਵਿੱਚ ਭਰਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਆੜਤੀਏ ਵਲੋਂ ਮੰਡੀ ਅੰਦਰ ਕਿਸੇ ਕਿਸਮ ਦੀ ਉਲੰਘਣਾ ਕੀਤੀ ਗਈ ਤਾਂ ਉਸ ਵਿਰੁੱਧ ਪੰਜਾਬ ਸਰਕਾਰ/ਪੰਜਾਬ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਮੌਕੇ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਹਾੜੀ ਸੀਜਨ-2023 ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਦੀ ਸਹਲੂਤ ਲਈ ਜ਼ਿਲ੍ਹਾ ਮੰਡੀ ਅਫ਼ਸਰ ਦੇ ਦਫ਼ਤਰ ਵਿਖੇ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸਦਾ ਟੈਲੀਫੋਨ ਨੰਬਰ 01874-247109 ਹੈ। ਉਨ੍ਹਾਂ ਕਿਹਾ ਕਿ ਜੇਕਰ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਔਕੜ ਆਉਂਦੀ ਹੈ ਤਾਂ ਦਿੱਤੇ ਗਏ ਨੰਬਰ ਤੇ ਲੋੜੀਂਦੀ ਜਾਣਕਾਰੀ ਲੈਣ ਲਈ ਸੰਪਰਕ ਕੀਤਾ ਜਾ ਸਕਦਾ ਹੈ।

Exit mobile version