ਖੇਡ ਮੰਤਰੀ ਮੀਤ ਹੇਅਰ ਨੇ ਖੋ ਖੋ ਖਿਡਾਰਨ ਗੁਰਵੀਰ ਕੌਰ ਨੂੰ ਏਸ਼ੀਅਨ ਚੈਂਪੀਅਨ ਬਣਨ ਉਤੇ ਦਿੱਤੀ ਮੁਬਾਰਕਬਾਦ

ਚੰਡੀਗੜ੍ਹ, 28 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਖੋ ਖੋ ਖਿਡਾਰਨ ਗੁਰਵੀਰ ਕੌਰ ਨੂੰ ਏਸ਼ੀਅਨ ਚੈਂਪੀਅਨ ਬਣਨ ਉਤੇ ਮੁਬਾਰਕਬਾਦ ਦਿੱਤੀ ਹੈ।

ਗੁਹਾਟੀ (ਅਸਾਮ) ਵਿਖੇ ਹੋਈ ਚੌਥੀ ਏਸ਼ੀਅਨ ਖੋ ਖੋ ਚੈਂਪੀਅਨਸ਼ਿਪ ਵਿੱਚ ਭਾਰਤੀ ਮਹਿਲਾ ਟੀਮ ਨੇ ਸੋਨੇ ਦਾ ਤਮਗ਼ਾ ਜਿੱਤਿਆ। ਫ਼ਾਈਨਲ ਵਿੱਚ ਭਾਰਤ ਨੇ ਨੇਪਾਲ ਨੂੰ ਇਕ ਪਾਰੀ ਤੇ 33 ਅੰਕਾਂ ਨਾਲ ਹਰਾਇਆ। ਇਸ ਤੋਂ ਪਹਿਲਾ ਸੈਮੀ ਫ਼ਾਈਨਲ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ ਸੀ।

ਮੀਤ ਹੇਅਰ ਨੇ ਭਾਰਤੀ ਮਹਿਲਾ ਖੋ ਖੋ ਟੀਮ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਗੁਰਵੀਰ ਕੌਰ, ਉਸ ਦੇ ਮਾਪਿਆਂ ਤੇ ਕੋਚ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਨਾਲ ਉਸ ਨੇ ਪੂਰੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਗੁਰਵੀਰ ਕੌਰ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਬੁੱਟਰ ਸ਼ਰੀਹ ਦੀ ਰਹਿਣ ਵਾਲੀ ਹੈ। ਖੇਡ ਮੰਤਰੀ ਨੇ ਇਸ ਹੋਣਹਾਰ ਖਿਡਾਰਨ ਨੂੰ ਭਵਿੱਖ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਝੰਡਾ ਮੁੜ ਬੁਲੰਦ ਕਰਨ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ ਦੇ ਖੇਡ ਬਜਟ ਵਿੱਚ 55 ਫੀਸਦੀ ਵਾਧਾ ਕੀਤਾ ਗਿਆ ਹੈ। ਪੰਜਾਬ ਵਿੱਚ ਨਵੀਂ ਖੇਡ ਨੀਤੀ ਬਣਾਈ ਜਾ ਰਹੀ ਹੈ।

Exit mobile version