ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਨੌਜਵਾਨ ਲੜਕੇ-ਲੜਕੀਆਂ ਨੂੰ ਹਵਾਈ ਫ਼ੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ

ਕਿਹਾ ਭਾਰਤੀ ਹਵਾਈ ਸੈਨਾ ਵਿਚ ਅਗਨੀਵੀਰ ਵਾਯੂ ਦੀ ਭਰਤੀ ਲਈ 31 ਮਾਰਚ 2023 ਤੱਕ ਕੀਤੀ ਜਾ ਸਕਦੀ ਹੈ ਰਜਿਸਟ੍ਰੇਸ਼ਨ

ਗੁਰਦਾਸਪੁਰ, 24 ਮਾਰਚ ( ਮੰਨਣ ਸੈਣੀ) । ਏਅਰ ਫੋਰਸ ਸਟੇਸ਼ਨ ਅੰਬਾਲਾ ਕੈਂਟ ਤੋਂ ਪਹੁੰਚੇ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਸਾਰਜੈਂਟ ਸ੍ਰੀ ਮੁਨੀਸ਼ ਕੁਮਾਰ ਅਤੇ ਕੋਰਪੋਰਲ ਰਾਜਾ ਮੇਹਿੰਦਰਾ ਵੱਲੋਂ ਐੱਸ.ਡੀ. ਕਾਲਜ ਫਾਰ ਵਿਮੈਨ ਗੁਰਦਾਸਪੁਰ, ਸਰਕਾਰੀ ਕਾਲਜ ਗੁਰਦਾਸਪੁਰ ਅਤੇ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਪਹੁੰਚ ਕੇ ਨੌਜਵਾਨ ਲੜਕੇ-ਲੜਕੀਆਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਗਿਆ।

ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋਣ ਸਬੰਧੀ ਜਾਗਰੂਕਤਾ ਸੈਮੀਨਾਰਾਂ ਵਿੱਚ ਸਾਰਜੈਂਟ ਸ੍ਰੀ ਮੁਨੀਸ਼ ਕੁਮਾਰ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੁਨੀਆਂ ਦੀਆਂ ਸਭ ਤੋਂ ਬੇਹਤਰ ਹਵਾਈ ਸੈਨਾਵਾਂ ਵਿਚੋਂ ਇੱਕ ਹੈ ਅਤੇ ਹਵਾਈ ਸੈਨਾ ਵਿੱਚ ਲੜਕੇ-ਲੜਕੀਆਂ ਲਈ ਆਪਣਾ ਕਰੀਅਰ ਬਣਾਉਣ ਦੇ ਬਹੁਤ ਸ਼ਾਨਦਾਰ ਮੌਕੇ ਹਨ। ਉਨ੍ਹਾਂ ਕਿਹਾ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋ ਕੇ ਨੌਜਵਾਨ ਆਪਣੇ ਸੁਪਨੇ ਸਾਕਾਰ ਕਰਨ ਦੇ ਨਾਲ ਦੇਸ਼ ਦੀ ਸੇਵਾ ਵਿੱਚ ਵੀ ਆਪਣਾ ਯੋਗਦਾਨ ਪਾ ਸਕਦੇ ਹਨ।

ਕੋਰਪੋਰਲ ਰਾਜਾ ਮੇਹਿੰਦਰਾ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਵੱਲੋਂ ਅਗਨੀਪੱਥ ਸਕੀਮ ਦੇ ਤਹਿਤ ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਵਾਯੂ ਦੀਆਂ ਆਸਾਮੀਆ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਚੱਲ ਰਹੀ ਹੈ ਜੋ 31 ਮਾਰਚ 2023 ਨੂੰ ਸ਼ਾਮ 5:00 ਵਜੇ ਤੱਕ ਹੋਵੇਗੀ। ਉਨਾਂ ਦੱਸਿਆ ਕਿ ਇਨਾਂ ਆਸਾਮੀਆਂ ਲਈ ਪ੍ਰੀਖਿਆ ਮਿਤੀ 20 ਮਈ 2023 ਤੋਂ ਬਾਅਦ ਹੋਵੇਗੀ।

ਹਵਾਈ ਸੈਨਾ ਦੇ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਵਿੱਚ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਜਨਮ ਸੀਮਾ 26 ਦਸੰਬਰ 2002 ਤੋਂ 26 ਜੂਨ 2006 (ਦੋਨੋਂ ਦਿਨ ਸ਼ਾਮਿਲ) ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਇਨਾਂ ਆਸਾਮੀਆਂ ਲਈ ਉਮੀਦਵਾਰ ਨੇ ਬਾਰਵੀਂ ਜਾਂ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੋਮਾ ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਇਨਾਂ ਦਰਸਾਈਆਂ ਯੋਗਤਾਵਾਂ ਵਿੱਚ ਉਮੀਦਵਾਰ ਦੇ ਇਮਤਿਹਾਨਾਂ ਵਿੱਚੋਂ 50 ਫੀਸਦੀ ਅੰਕ ਹਾਸਿਲ ਕੀਤੇ ਹੋਣ। ਉਨ੍ਹਾਂ ਕਿਹਾ ਕਿ  ਅਗਨੀਵੀਰਾਂ ਦੀ ਭਰਤੀ ਲਈ ਅਣਵਿਆਹੇ ਲੜਕੇ ਅਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ। ਇਸ ਇਮਤਿਹਾਨ ਵਿੱਚ ਰਜਿਸਟਰ ਕਰਨ ਲਈ 250 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ। ਉਨਾਂ ਕਿਹਾ ਕਿ ਚਾਹਵਾਨ ਉਮੀਦਵਾਰ ਮੈਡੀਕਲ ਸਟੈਂਡਰਡ, ਯੋਗਤਾ ਅਤੇ ਨੌਕਰੀ ਸੰਬੰਧੀ ਜਾਣਕਾਰੀ ਅਤੇ ਆਨਲਾਈਨ ਫਾਰਮ ਅਪਲਾਈ ਕਰਨ ਲਈ http://agnipathvayu.cdac.in ਦਿੱਤੇ ਲਿੰਕ ਤੇ ਲੌਗਇਨ ਕਰਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।  ਉਨ੍ਹਾਂ ਨੌਜਵਾਨ ਲੜਕੇ-ਲੜਕੀਆਂ ਨੂੰ ਭਾਰਤੀ ਹਵਾਈ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੌਂਸਲਰ ਪਰਮਿੰਦਰ ਸਿੰਘ ਨੇ ਹਵਾਈ ਫੌਜ ਦੀ ਭਰਤੀ ਬਾਰੇ ਜਾਣਕਾਰੀ ਸਾਂਝੀ ਕੀਤੀ।

Exit mobile version