ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਨਵੋਕੇਸ਼ਨ ਦੌਰਾਨ 477 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਚੇਅਰਮੈਨ ਰਮਨ ਬਹਿਲ ਨੇ ਵਿਦਿਆਰਥੀਆਂ ਦੇ ਬੇਹਤਰ ਭਵਿੱਖ ਦੀ ਕਾਮਨਾ ਕੀਤੀ

ਚੇਅਰਮੈਨ ਰਮਨ ਬਹਿਲ ਵੱਲੋਂ ਕਾਲਜ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ

ਗੁਰਦਾਸਪੁਰ, 12 ਮਾਰਚ ( ਮੰਨਣ ਸੈਣੀ )। ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਅੱਜ ਸਲਾਨਾ ਕਨਵੋਕੇਸ਼ਨ ਕਰਵਾਈ ਗਈ, ਜਿਸ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਪ੍ਰੋ. ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ. ਗੁਰਿੰਦਰ ਸਿੰਘ ਕਲਸੀ ਤੇ ਕਾਲਜ ਦਾ ਸਮੂਹ ਸਟਾਫ ਵੀ ਮੌਜੂਦ ਸੀ।

ਕਨਵੋਕੇਸ਼ਨ ਦੌਰਾਨ ਕੁੱਲ 477 ਡਿਗਰੀਆਂ ਤਕਸੀਮ ਕੀਤੀਆਂ ਗਈਆਂ ਜਿਸ ਵਿੱਚ ਐੱਮ.ਏ. ਦੀਆਂ 20, ਬੀ.ਐੱਸ.ਸੀ. ਦੀਆਂ 125, ਬੀ.ਕਾਮ ਦੀਆਂ 30, ਬੀ.ਸੀ.ਏ ਦੀਆਂ 35 ਅਤੇ ਬੀ.ਏ. ਦੀਆਂ 267 ਡਿਗਰੀਆਂ ਸ਼ਾਮਲ ਸਨ।

ਇਸ ਮੌਕੇ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਿੱਖਿਆ ਮਨੁੱਖੀ ਸਖਸ਼ੀਅਤ ਨੂੰ ਰੌਸ਼ਨ ਕਰਦੀ ਹੈ ਅਤੇ ਸਫਲਤਾ ਦੇ ਦੁਆਰ ਖੋਲਦੀ ਹੈ। ਉਨ੍ਹਾਂ ਕਾਮਨਾ ਕੀਤੀ ਕਿ ਡਿਗਰੀਆਂ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀ ਸਫਲਤਾ ਦੀਆਂ ਉਚਾਈਆਂ ਨੂੰ ਪਹੁੰਚਣ ਅਤੇ ਆਪਣੇ ਦੇਸ਼ ਤੇ ਸਮਾਜ ਦੀ ਸੇਵਾ ਕਰਨ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਕਾਲਜ ਵਿੱਚ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਵੱਖ-ਵੱਖ ਵਿਕਾਸ ਕਾਰਜਾਂ `ਤੇ 97.38 ਲੱਖ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਕਾਲਜ ਦੀ ਮੇਨ ਐਂਟਰੈਂਸ ਦੇ ਦੋਵੇਂ ਪਾਸੇ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ, ਸਾਈਕਲ/ਸਕੂਟਰ ਸਟੈਂਡ `ਤੇ ਸ਼ੈੱਡ ਬਣਾਇਆ ਜਾਵੇਗਾ। ਲੜਕੀਆਂ ਦੇ ਕਾਮਨ ਰੂਮ ਅਤੇ ਕੰਪਾਊਂਡ ਦੀ ਰੈਨੋਵੇਸ਼ਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਐੱਮ.ਏ ਬਲਾਕ ਦੀ ਰੈਨੋਵੇਸ਼ਨ, ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਨਾ ਆਵੇ ਗਰਾਊਂਡ ਫਲੋਰ ਤੋਂ ਦੂਸਰੇ ਫਲੋਰ ਤੱਕ ਇੱਕ ਰੈਮਪ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਕਿ ਫਿਜੀਕਲੀ ਚੈਲੰਜ਼ਡ/ਬੀਮਾਰ ਵਿਦਿਆਰਥੀ ਅਰਾਮ ਨਾਲ ਦੂਸਰੀ ਮੰਜ਼ਿਲ ਤੱਕ ਪਹੁੰਚ ਸਕਣ।

ਇਸ ਮੌਕੇ ਪ੍ਰੋ. ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ ਵੱਲੋਂ ਵੀ ਵਿਦਿਆਰਥੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾ ਦਿੱਤੀਆਂ ਗਈਆਂ।

Exit mobile version