11 ਮਾਰਚ ਨੂੰ ਟਰੈਕਟਰ-ਮੋਟਰਸਾਈਕਲ ਮਾਰਚ ਕਰਨਗੇ ਕਿਸਾਨ- ਮਾਰਚ ਤੋਂ ਬਾਅਦ ਮੁੱਖ ਮੰਤਰੀ ਦਾ ਫੂਕਿਆ ਜਾਵੇਗਾ ਪੁਤਲਾ

ਗੁਰਦਾਸਪੁਰ, 04 ਮਾਰਚ 2023 (ਦੀ ਪੰਜਾਬ ਵਾਇਰ)। 15 ਦਿਨ ਪਹਿਲਾਂ ਮਕੋੜਾ ਪੱਤਣ ਅਧੀਨ ਪੈਂਦੇ ਇਲਾਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਮਕੋੜਾ ਪੱਤਨ ’ਤੇ ਪੁਲ ਬਣਾਉਣ ਦੇ ਮਾਮਲੇ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਡੀਸੀ ਦਫ਼ਤਰ ਗੁਰਦਾਸਪੁਰ ਅੱਗੇ ਧਰਨਾ ਦਿੱਤਾ ਸੀ। ਜਿਸ ਨੂੰ ਏ.ਡੀ.ਸੀ ਵੱਲ਼ੋਂ ਕਿਸਾਨਾਂ-ਮਜ਼ਦੂਰਾਂ ਨੂੰ ਇੱਕ ਹਫ਼ਤੇ ਵਿੱਚ ਮਾਮਲੇ ਸਬੰਧੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਪਰ ਇਸ ਸਬੰਧੀ 15 ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਮੀਟਿੰਗ ਨਹੀਂ ਕੀਤੀ ਗਈ। ਜਿਸ ਦੇ ਚਲਦਿਆਂ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਚੇਬੇ ਵਿਖੇ ਹੋਈ। ਜਿਸ ਵਿੱਚ 11 ਮਾਰਚ ਨੂੰ ਇਲਾਕੇ ਵਿੱਚ ਟਰੈਕਟਰ-ਮੋਟਰਸਾਈਕਲ ਮਾਰਚ ਕਰਨ ਉਪਰੰਤ ਗੁਰਦਾਸਪੁਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਸਕੱਤਰ ਸਤਬੀਰ ਸਿੰਘ ਸੁਲਤਾਨੀ ਅਤੇ ਬਲਾਕ ਪ੍ਰਧਾਨ ਬਿਕਰਮਜੀਤ ਸਿੰਘ ਨੇ ਕਿਹਾ ਕਿ ਮਕੋੜਾ ਪੱਤਣ ’ਤੇ ਪੁਲ ਬਣਾਉਣ ਦੀ ਮੰਗ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੀ ਹੈ। ਇਲਾਕੇ ਦੇ ਲੋਕਾਂ ਨੇ ਦੋ ਵਾਰ ਚੋਣਾਂ ਦਾ ਬਾਈਕਾਟ ਵੀ ਕੀਤਾ ਸੀ। ਇਸ ਮਗਰੋਂ ਮਕੋੜਾ ਪੱਤਣ ’ਤੇ ਪੁਲ ਬਣਾਉਣ ਦਾ ਪ੍ਰਾਜੈਕਟ ਪਾਸ ਕੀਤਾ ਗਿਆ। ਹੁਣ ਮਨਜ਼ੂਰੀ ਮਿਲਣ ਦੇ ਬਾਵਜੂਦ ਪੁਲ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਵਿੱਚ ਰੋਸ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਅਤੇ ਬਲਾਕ ਆਗੂ ਗੁਰਨਾਮ ਸਿੰਘਤੂਰ ਨੇ ਦੱਸਿਆ ਕਿ 11 ਮਾਰਚ ਨੂੰ ਇਲਾਕੇ ਵਿੱਚ ਟਰੈਕਟਰ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਸ਼ਹਿਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ। ਜੇਕਰ ਆਉਣ ਵਾਲੇ ਦਿਨਾਂ ਵਿੱਚ ਉਸ ਦਾ ਮਾਮਲਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਤੇਜ਼ ਕਰਨਗੇ। ਇਸ ਮੌਕੇ ਵਿਜੇ ਕੁਮਾਰ, ਸੰਤੋਖ ਸਿੰਘ, ਰੂਪ ਸਿੰਘ, ਗੁਰਨਾਮ ਸਿੰਘ, ਦਲਵੀਰ ਸਿੰਘ, ਟੋਨੀ, ਤਾਰਾ ਸਿੰਘ, ਮੋਹਕਮ ਸਿੰਘ, ਮਹਿੰਦਰ ਸਿੰਘ, ਲਖਵਿੰਦਰ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।

Exit mobile version