ਨੌਜਵਾਨ ਵੱਲੋਂ ਪੁਲਿਸ ਮੁਲਾਜ਼ਿਮ ਨਾਲ ਕੀਤਾ ਗਿਆ ਦੁਰਵਿਵਹਾਰ

ਗੁਰਦਾਸਪੁਰ, 2 ਮਾਰਚ 2023 (ਮੰਨਣ ਸੈਣੀ)। ਜ਼ਿਲੇ ਦੇ ਪਿੰਡ ਜੌੜਾ ਛਤਰਾਂ ‘ਚ ਪੁਲਸ ਮੁਲਾਜ਼ਮ ਅਤੇ ਸਿੱਖ ਨੌਜਵਾਨ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝੜਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਰੋਕਿਆ ਗਿਆ ਅਤੇ ਨੌਜਵਾਨ ਵੱਲੋਂ ਬਦਤਮੀਜੀ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨਾਲ ਝਗੜਾ ਕੀਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਚੋਲਾ ਸਾਹਿਬ ਦੀ ਸੰਗਤ ਦੌਰਾਨ ਉਕਤ ਨੌਜਵਾਨ ਹੰਗਾਮਾ ਕਰਦੇ ਸਨ। ਇਸ ਲਈ ਇਲਾਕੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰਕੇ ਅਜਿਹਾ ਕਰਨ ਵਾਲਿਆਂ ਨੂੰ ਰੋਕਿਆ ਜਾਵੇ। ਇਸ ਦੇ ਮੱਦੇਨਜ਼ਰ ਪੁਲੀਸ ਪਾਰਟੀ ਜੌੜਾ ਛਤਰਾਂ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇਕ ਨੌਜਵਾਨ ਨੂੰ ਵਾਰ-ਵਾਰ ਮੋਟਰਸਾਈਕਲ ‘ਤੇ ਚੱਕਰ ਲਗਾਉਂਦੇ ਦੇਖਿਆ ਗਿਆ। ਜਦੋਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੱਥੋਪਾਈ ਹੋ ਗਈ। ਉਸ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਉਸ ਦੀ ਬੈਲਟ ਉਤਰ ਗਈ। ਪੁਲੀਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਹੇਠ ਉਸ ਨੂੰ ਗ੍ਰਿਫ਼ਤਾਰ ਕਰਕੇ ਚਲਾਨ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਕੇਸਾਂ ਦੀ ਕੋਈ ਬੇਅਦਬੀ ਨਹੀਂ ਕੀਤੀ ਗਈ। ਬਾਅਦ ਵਿੱਚ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਉਕਤ ਨੌਜਵਾਨ ਨੇ ਪੁਲੀਸ ਮੁਲਾਜ਼ਮਾਂ ਤੋਂ ਮੁਆਫ਼ੀ ਮੰਗੀ।

Exit mobile version