ਕੈਬਨਿਟ ਮੰਤਰੀ ਕਟਾਰੂ ਚੱਕ ਨੇ ਅਜਨਾਲਾ ਹਮਲੇ ਵਿੱਚ ਜ਼ਖਮੀ ਹੋਏ ਹੋਮਗਾਰਡ ਜਵਾਨ ਜਨਕ ਰਾਜ ਦਾ ਹਾਲ ਜਾਣਿਆ

ਪੁਲਿਸ ਤੇ ਹੋਮਗਾਰਡ ਜਵਾਨਾਂ ਨੇ ਸੂਝ-ਬੂਝ, ਸਬਰ ਤੇ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ – ਕਟਾਰੂਚੱਕ

ਦੀਨਾਨਗਰ, 26 ਫਰਵਰੀ (ਮੰਨਣ ਸੈਣੀ ) । ਬੀਤੇ ਦਿਨੀਂ ਅਜਨਾਲਾ ਵਿਖੇ ਹੋਈਆਂ ਝੜਪਾਂ ਦੌਰਾਨ ਜ਼ਖਮੀ ਹੋਣ ਵਾਲੇ ਪੰਜਾਬ ਹੋਮਗਾਰਡ ਦੇ ਜਵਾਨ ਸ੍ਰੀ ਜਨਕ ਰਾਜ ਦੀ ਸਿਹਤ ਦਾ ਹਾਲ ਜਾਨਣ ਲਈ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਅੱਜ ਉਸਦੇ ਘਰ ਦੀਨਾਨਗਰ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਦੀਨਾਨਗਰ ਤੋਂ ਉੱਘੇ ਜਨਤਕ ਆਗੂ ਸ੍ਰੀ ਸ਼ਮਸ਼ੇਰ ਸਿੰਘ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਪੰਜਾਬ ਹੋਮਗਾਰਡ ਦੇ ਜਵਾਨ ਸ੍ਰੀ ਜਨਕ ਰਾਜ ਦੀ ਸਿਹਤ ਦਾ ਹਾਲ ਜਾਣਿਆ ਅਤੇ ਉਸ ਦੀ ਬਹਾਦਰੀ ਤੇ ਸੂਝ-ਬੂਝ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅਜਨਾਲਾ ਦੀ ਘਟਨਾ ਵਿਚ ਪੰਜਾਬ ਪੁਲਿਸ ਅਤੇ ਪੰਜਾਬ ਹੋਮਗਾਰਡ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਜਿਸ ਸੂਝ-ਬੂਝ, ਸਬਰ ਅਤੇ ਜਿੰਮੇਵਾਰੀ ਤੋਂ ਕੰਮ ਲਿਆ ਹੈ ਉਸ ਨਾਲ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਹੋਣੋ ਰੋਕ ਲਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਏਵੇਂ ਦੀ ਹਰਕਤ ਕਰਨਾ ਕਿਸੇ ਵੀ ਤਰਾਂ ਜਾਇਜ ਨਹੀਂ ਹੈ ਅਤੇ ਇਹ ਸਾਰਾ ਮਾਮਲਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਹੈ।

ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਅੱਜ ਦੀਨਾਨਗਰ ਵਿਖੇ ਪੰਜਾਬ ਹੋਮਗਾਰਡ ਦੇ ਜਵਾਨ ਸ੍ਰੀ ਜਨਕ ਰਾਜ ਦਾ ਪਤਾ ਲੈਣ ਆਏ ਹਨ ਜੋ ਝੜਪ ਵਿੱਚ ਜ਼ਖਮੀ ਤਾਂ ਹੋ ਗਏ ਪਰ ਗੁਰੂ ਸਾਹਿਬ ਦੇ ਅਦਬ ਸਤਿਕਾਰ ਵਿੱਚ ਉਨ੍ਹਾਂ ਆਪਣਾ ਆਪਾ ਨਹੀਂ ਖੋਹਿਆ। ਉਨ੍ਹਾਂ ਕਿਹਾ ਕਿ ਉਹ ਸ੍ਰੀ ਜਨਕ ਰਾਜ ਸਮੇਤ ਸਾਰੇ ਜ਼ਖਮੀ ਪੁਲਿਸ ਤੇ ਹੋਮਗਾਰਡ ਦੇ ਜਵਾਨਾਂ ਤੇ ਅਧਿਕਾਰੀਆਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਨ।

Exit mobile version