ਖੇਡਾਂ ਦੇ ਸਮਾਨ ਦੀ ਸਨਅਤ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ: ਮੀਤ ਹੇਅਰ

ਖੇਡ ਮੰਤਰੀ ਨੂੰ ਰਗਬੀ ਵਿਸ਼ਵ ਕੱਪ ਵਿੱਚ ਵਰਤੀ ਜਾਣ ਵਾਲੀ ਰਗਬੀ ਨਾਲ ਕੀਤਾ ਸਨਮਾਨਤ

ਐਸ.ਏ.ਐਸ. ਨਗਰ/ਚੰਡੀਗੜ੍ਹ, 24 ਫਰਵਰੀ 2023 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਿਕ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰ ਕੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਏਗੀ।ਖੇਡਾਂ ਦੇ ਸਮਾਨ ਬਣਾਉਣ ਲਈ ਜਾਣੇ ਜਾਂਦੇ ਪੰਜਾਬ ਵਿੱਚ ਇਸ ਸਨਅਤ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਐਸ.ਏ.ਐਸ.ਨਗਰ ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਕੈਂਪਸ ਵਿਖੇ ਪੰਜਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2023 ਦੌਰਾਨ ਪ੍ਰਦਰਸ਼ਨੀ ਕੇਂਦਰ ਦਾ ਦੌਰਾ ਕਰਦਿਆਂ ਖੇਡਾਂ ਦੇ ਸਮਾਨ ਦੀ ਪ੍ਰਦਰਸ਼ਨੀ ਦੇਖਦਿਆਂ ਗੱਲ ਕਹੀ। ਇਸ ਮੌਕੇ ਖੇਡ ਮੰਤਰੀ ਨੂੰ ਇਸ ਸਾਲ ਫਰਾਂਸ ਵਿਖੇ ਹੋਣ ਵਾਲੇ ਰਗਬੀ ਵਿਸ਼ਵ ਕੱਪ ਵਿੱਚ ਵਰਤੀ ਜਾਣ ਵਾਲੀ ਰਗਬੀ ਨਾਲ ਸਨਮਾਨਤ ਵੀ ਕੀਤਾ ਗਿਆ।

ਮੀਤ ਹੇਅਰ ਨੇ ਕਿਹਾ ਕਿ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਜਿੱਥੇ ਰਗਬੀ ਵਿਸ਼ਵ ਕੱਪ ਵਿੱਚ ਜਲੰਧਰ ਵਿਖੇ ਤਿਆਰ ਕੀਤੀ ਰਗਬੀ ਵਰਤੀ ਗਈ ਉੱਥੇ ਪਿਛਲੇ ਸਮੇਂ ਵਿੱਚ ਫੀਫਾ ਵਿਸ਼ਵ ਕੱਪ ਵਿੱਚ ਪੰਜਾਬ ਦੀ ਬਣੀ ਫੁਟਬਾਲ ਅਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਦੀ ਬਣੀ ਨੈਟਬਾਲ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਈ ਖੇਡ ਮੁਕਾਬਲਿਆਂ ਵਿੱਚ ਭਾਰਤ ਦੀ ਟੀਮ ਨਹੀਂ ਹਿੱਸਾ ਲੈਂਦੀ ਪਰ ਪੰਜਾਬ ਵਿੱਚ ਬਣਿਆ ਖੇਡਾਂ ਦੲ ਸਮਾਨ ਆਲਮੀ ਮੁਕਾਬਲਿਆਂ ਵਿੱਚ ਭਾਰਤ ਦੀ ਹਾਜ਼ਰੀ ਲਗਾਉਂਦਾ ਹੈ।

Exit mobile version