ਗੁਰਦਾਸਪੁਰ ‘ਚ BSF ਨੂੰ ਮਿਲੀ ਵੱਡੀ ਕਾਮਯਾਬੀ, ਤਬਾਹ ਕੀਤਾ ਪਾਕਿਸਤਾਨੀ ਡਰੋਨ

ਗੁਰਦਾਸਪੁਰ ‘ਚ ਸਰਚ ਆਪਰੇਸ਼ਨ ਤੋਂ ਬਾਅਦ 4 ਹੈਰੋਇਨ ਦੇ ਪੈਕਟ ਬਰਾਮਦ

ਗੁਰਦਾਸਪੁਰ, 19 ਫਰਵਰੀ (ਮੰਨਣ ਸੈਣੀ)। ਅੰਤਰਰਾਸ਼ਟਰੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀਐਸਐਫ ਦੀ 113 ਬਟਾਲੀਅਨ ਨੇ ਸ਼ਨੀਵਾਰ ਦੇਰ ਰਾਤ ਘਨੀਆ ਕੇ ਬਾਂਗਰ ਵਿੱਚ ਬਾਰਡਰ ਆਊਟ ਪੋਸਟ (ਬੀਓਪੀ) ‘ਤੇ ਇੱਕ ਪਾਕਿਸਤਾਨੀ ਡਰੋਨ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ। ਜਿਸ ਥਾਂ ‘ਤੇ ਡਰੋਨ ਡਿੱਗਿਆ, ਉਸ ਥਾਂ ‘ਤੇ ਬੀਐਸਐਫ ਅਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਤੋਂ ਬਾਅਦ ਬੀ.ਐਸ.ਐਫ ਨੇ ਚਾਰ ਪੈਕੇਟਾਂ ਵਿੱਚ 2.750 ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ।

ਇਸ ਸਬੰਧੀ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਦੇ 4 ਪੈਕਟ ਬਰਾਮਦ ਕੀਤੇ ਗਏ ਹਨ। ਜਿਸ ਡਰੋਨ ਨੂੰ ਡੇਗਿਆ ਗਿਆ ਹੈ, ਉਹ 9 ਕਿਲੋ ਦਾ ਲੋਡ ਚੁੱਕ ਕੇ 15 ਕਿਲੋਮੀਟਰ ਤੱਕ ਉੱਡ ਸਕਦਾ ਹੈ।

ਜ਼ਿਕਰਯੋਗ ਹੈ ਕਿ ਬੀਓਪੀ ਡੇਰਾ ਬਾਬਾ ਨਾਨਕ ਰੋਡ ‘ਤੇ ਸ਼ਨੀਵਾਰ ਸਵੇਰੇ ਇਸੇ ਬਟਾਲੀਅਨ ਦੇ ਬੀਐਸਐਫ ਜਵਾਨਾਂ ਅਤੇ ਪਾਕਿਸਤਾਨ ਸਥਿਤ ਤਸਕਰਾਂ ਵਿਚਾਲੇ ਗੋਲੀਬਾਰੀ ਹੋਈ ਸੀ। ਹਾਲਾਂਕਿ ਇਸ ਦੌਰਾਨ ਤਸਕਰ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਗੋਲੀਬਾਰੀ ਤੋਂ ਬਾਅਦ ਬੀਐਸਐਫ ਜਵਾਨਾਂ ਵੱਲੋਂ ਇਲਾਕੇ ਦੀ ਤਲਾਸ਼ੀ ਲਈ ਗਈ। ਜਿਸ ਵਿੱਚ ਜਵਾਨਾਂ ਵੱਲੋਂ ਪਾਈਪ ਰਾਹੀਂ ਭਾਰਤ ਭੇਜੀ ਗਈ ਹੈਰੋਇਨ ਦੇ 20 ਪੈਕਟ, 2 ਪਿਸਤੌਲ, 242 ਕੱਟੇ ਹੋਏ ਕਾਰਤੂਸ ਅਤੇ 6 ਮੈਗਜ਼ੀਨ ਬਰਾਮਦ ਕੀਤੇ ਗਏ ਹਨ।

Exit mobile version