ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜਨਤਕ ਇਕੱਠਾਂ ਵਿੱਚ ਹਥਿਆਰ ਲਿਜਾਣ ਅਤੇ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਲਗਾਈ ਪਾਬੰਦੀ

ਕਿਸੇ ਵੀ ਭਾਈਚਾਰੇ ਵਿਰੱਧ ਨਫ਼ਰਤ ਭਰਿਆ ਭਾਸ਼ਣ ਦੇਣ ਵਾਲੇ ਵਿਰੁੱਧ ਹੋਵੇਗੀ ਸਖਤ ਕਾਨੂੰਨੀ ਕਾਰਵਾਈ

ਗੁਰਦਾਸਪੁਰ, 10 ਫਰਵਰੀ (ਮੰਨਣ ਸੈਣੀ )। ਡਾ. ਨਿਧੀ ਕੁਮੁਦ ਬਾਮਬਾ, ਵਧੀਕ ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਪਾਸ ਕੀਤਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੋਈ ਵੀ ਵਿਅਕਤੀ ਜਨਤਕ ਇਕੱਠਾਂ, ਧਾਰਮਿਕ ਸਮਾਗਮਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਹਥਿਆਰ ਲੈ ਕੇ ਨਹੀਂ ਚੱਲੇਗਾ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ’ਤੇ ਪੂਰਨ ਪਾਬੰਧੀ ਹੋਵੇਗੀ ਅਤੇ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਵੀ ਪੂਰਨ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਭਾਈਚਾਰੇ ਵਿਰੱਧ ਨਫ਼ਰਤ ਭਰਿਆ ਭਾਸ਼ਣ ਦੇਣ ਵਾਲੇ ਵਿਰੱੁਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਵਧੀਕ ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਨੇ ਮਨਾਹੀ ਦੇ ਇਹ ਹੁਕਮ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਮੀਮੋ ਨੰਬਰ 11/34/2021-4ਐੱਸ.2/1602 ਮਿਤੀ 13 ਨਵੰਬਰ 2022 ਰਾਹੀਂ ਜਾਰੀ ਹੋਏ ਹੁਕਮਾਂ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਹਥਿਆਰ ਲਿਜਾਣ, ਪ੍ਰਦਰਸ਼ਨ ਕਰਨ ਅਤੇ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਪਾਬੰਦੀ ਲਗਾਉਣ ਅਤੇ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ ’ਤੇ ਸਖਤ ਕਾਨੂੰਨੀ ਕਰਨ ਦੇ ਦਿੱਤੇ ਹੁਕਮਾਂ ਦੇ ਤਹਿਤ ਜਾਰੀ ਕੀਤੇ ਹਨ। ਪਾਬੰਦੀ ਦੇ ਇਹ ਹੁਕਮ ਮਿਤੀ 13 ਫਰਵਰੀ 2023 ਤੋਂ ਮਿਤੀ 13 ਅਪ੍ਰੈਲ 2023 ਤੱਕ ਲਾਗੂ ਰਹਿਣਗੇ।

ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਵਿਚ ਅਜਿਹੇ ਵਾਹਨ ਜੋ ਸੜਕ ਨੂੰ ਰੋਕਦੇ ਹੋਣ/ਆਵਾਜਾਈ ਵਿੱਚ ਵਿਗਨ ਪਾਉਂਦੇ ਹੋਣ, ਦੇ ਚੱਲਣ ’ਤੇ ਪੂਰਨ ਪਾਬੰਦੀ ਲਗਾਈ

ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਮਾਨਹੀ ਦੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਵਾਹਨ ਜਿਨ੍ਹਾਂ ਦੀ ਐਕਸਟਰਾ ਮੋਡੀਫਿਕੇਸ਼ਨ ਕੀਤੀ ਗਈ ਹੁੰਦੀ ਹੈ ਅਤੇ ਸੜਕ ਨੂੰ ਬਲਾਕ ਕਰਦੇ ਹਨ ਅਤੇ ਲਾਨ ਹੀ ਓਥੇ ਕਈ ਵਾਹਨ ਓਵਰਲੋਡ ਵੀ ਹੁੰਦੇ ਹਨ। ਇਸ ਤੋਂ ਇਲਾਵਾ ਕਈ ਵਾਹਨ ਰੰਗ ਬਰੰਗੀਆਂ ਤੇਜ਼ ਲਾਈਟਾਂ ਲਗਾ ਕੇ ਚੱਲਦੇ ਹਨ, ਜਿਸ ਨਾਲ ਦੁਰਘਟਨਾਵਾਂ ਵਾਪਰਦੀਆਂ ਹਨ ਅਤੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਰਹਿੰਦਾ ਹੈ। ਇਸ ਲਈ ਅਜਿਹੇ ਵਹੀਕਲਾਂ ਨੂੰ ਸੜਕ ’ਤੇ ਚਲਾਏ ਜਾਣ ’ਤੇ ਰੋਕ ਲਗਾਉਣੀ ਜ਼ਰੂਰੀ ਹੈ।

ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਐਕਸਟਰਾ ਮੋਡੀਫਿਕੇਸ਼ਨ ਕੀਤੇ ਵਾਹਨਾਂ ’ਤੇ ਪਾਬੰਦੀ ਲਗਾਉਂਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਅਜਿਹਾ ਵਾਹਨ ਸੜਕ ’ਤੇ ਪਾਇਆ ਗਿਆ ਤਾਂ ਉਨ੍ਹਾਂ ਵਾਹਨਾਂ ਨੂੰ ਜ਼ਬਤ ਕਰਨ ਦੇ ਨਾਲ-ਨਾਲ ਵਾਹਨ ਚਾਲਕ ’ਤੇ ਮੋਟਰ ਵਾਹਨ ਐਕਟ ਦੀਆਂ ਧਰਾਵਾਂ ਤਹਿਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਨਾਹੀ ਦਾ ਇਹ ਹੁਕਮ 13 ਫਰਵਰੀ 2023 ਤੋਂ 13 ਅਪ੍ਰੈਲ 2023 ਤੱਕ ਲਾਗੂ ਰਹੇਗਾ।    

ਤੀਸਰੇ ਹੁਕਮ ਅੰਦਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਿਹਾ ਗਿਆ ਕਿ ਕੇਂਦਰੀ ਜੇਲ ਗੁਰਦਾਸਪੁਰ ਵਿੱਚ ਕੋਈ ਵੀ ਵਿਅਕਤੀ ਜੇਲ ਅਥਾਰਟੀ ਦੀ ਆਗਿਆ ਤੋਂ ਬਿਨਾਂ ਅੰਦਰ ਨਹੀਂ ਜਾ ਸਕਦਾ ਅਤੇ ਹਵਾਲਾਤੀਆਂ ਅਤੇ ਕੈਦੀਆਂ ਨਾਲ ਮੁਲਾਕਾਤ ਕਰਨ ਜਾਣ ਸਮੇਂ ਕੋਈ ਵੀ ਵਿਅਕਤੀ ਆਪਣੇ ਨਾਲ ਅਜਿਹੀ ਕੋਈ ਵਸਤੂ, ਹਥਿਆਰ ਆਦਿ ਨਾਲ ਲੈ ਕੇ ਨਹੀਂ ਜਾਵੇਗਾ, ਜੋ ਪੰਜਾਬ ਪਿਰਜਨਸ ਰੂਲ-2022 ਜਾਂ ਹੋਰ ਅਜਿਹੇ ਹੋਰ ਕਾਨੂੰਨਾਂ ਤਹਿਤ ਮਨਾਂ ਕੀਤੇ ਗਏ ਹਨ।

ਵਧੀਕ ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਇਹ ਹੁਕਮ ਜੇਲ ਦੇ ਅੰਦਰ ਹਵਾਲਾਤੀਆਂ ਤੇ ਕੈਦੀਆਂ ਦੀ ਸੁਰੱਖਿਆ ਦੇ ਨਾਲ ਜੇਲ ਤੋਂ ਬਾਹਰ ਆਮ ਜਨਤਾ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜਾਰੀ ਕੀਤੇ ਗਏ ਹਨ। ਉਨਾਂ ਕਿਹਾ ਕਿ ਮਨਾਹੀ ਦੇ ਇਨਾਂ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਨਾਹੀ ਦੇ ਇਹ 13 ਫਰਵਰੀ 2023 ਤੋਂ 13 ਅਪ੍ਰੈਲ 2023 ਤੱਕ ਲਾਗੂ ਰਹਿਣਗੇ।

Exit mobile version