ਜਨਤਾ ਦਰਬਾਰ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਨਾਲ ਸਬੰਧਤ ਲੋਕ ਹਿੱਤ ਦੇ ਮੁੱਦੇ ਉਠਾਏ

ਪਿੰਡ ਤਿੱਬੜ ਵਿਖੇ ਸੀਵਰੇਜ ਸਪਲਾਈ ਪਾਉਣ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਦੀ ਕੀਤੀ ਮੰਗ

ਪਿੰਡ ਡੱਲਾ ਗੋਰੀਆ ਅਤੇ ਸ਼ੇਰਪੁਰ ਵਿਖੇ ਜਲ ਸਪਲਾਈ ਪ੍ਰੋਜੈਕਟਾਂ ਨੂੰ ਜਲਦ ਮੁਕੰਮਲ ਕਰਨ ਲਈ ਕਿਹਾ

ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਇਨ੍ਹਾਂ ਲੋਕ ਹਿੱਤ ਮਸਲਿਆਂ ਨੂੰ ਹੱਲ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਗੁਰਦਾਸਪੁਰ, 6 ਫਰਵਰੀ ( ਮੰਨਣ ਸੈਣੀ )। ਸੂਬੇ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਅੱਜ ਆਨ-ਲਾਈਨ ਮਾਧਿਅਮ ਰਾਹੀਂ ਲਗਾਏ ਜਨਤਾ ਦਰਬਾਰ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਭਾਗ ਲੈ ਕੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਤਿੰਨ ਅਹਿਮ ਮੁੱਦੇ ਚੁੱਕੇ ਹਨ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਜਨਤਾ ਦਰਬਾਰ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਕੋਲੋਂ ਮੰਗ ਕੀਤੀ ਹੈ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਤਿੱਬੜ ਵਿਖੇ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਇਆ ਜਾਵੇ ਅਤੇ ਨਾਲ ਹੀ ਟਰੀਟਮੈਂਟ ਪਲਾਂਟ ਵੀ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਕਰੀਬ 800 ਏਕੜ ਵਿੱਚ ਫੈਲੇ ਪਿੰਡ ਤਿੱਬੜ ਦੀ ਅਬਾਦੀ 10 ਹਜ਼ਾਰ ਤੋਂ ਵੱਧ ਹੈ ਅਤੇ ਇਸ ਪਿੰਡ ਵਿੱਚ 1705 ਘਰ ਹਨ। ਉਨ੍ਹਾਂ ਕਿਹਾ ਕਿ ਇਸ ਪਿੰਡ ਵਿੱਚ ਸੀਵਰੇਜ ਸਿਸਟਮ ਨਾ ਹੋਣ ਕਾਰਨ ਗੰਦੇ ਪਾਣੀ ਦੀ ਨਿਕਾਸੀ ਵੱਡਾ ਮਸਲਾ ਬਣੀ ਹੋਈ ਹੈ। ਉਨ੍ਹਾਂ ਕੈਬਨਿਟ ਮੰਤਰੀ ਕੋਲੋਂ ਮੰਗ ਕੀਤੀ ਕਿ ਪਿੰਡ ਤਿੱਬੜ ਵਿਖੇ ਸੀਵਰੇਜ ਸਿਸਟਮ ਪਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।

ਜਨਤਾ ਦਰਬਾਰ ਦੌਰਾਨ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਹਲਕੇ ਦੇ ਪਿੰਡ ਡੱਲਾ ਗੋਰੀਆ ਅਤੇ ਸ਼ੇਰਪੁਰ ਵਿਖੇ ਬਣ ਰਹੀਆਂ ਪਾਣੀ ਦੀਆਂ ਟੈਂਕੀਆਂ ਦਾ ਮੁੱਦਾ ਵੀ ਉਠਾਇਆ। ਸ੍ਰੀ ਬਹਿਲ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਬਣ ਰਹੀਆਂ ਪਾਣੀਆਂ ਦੀਆਂ ਟੈਂਕੀਆਂ ਦਾ ਕੰਮ ਬੜੀ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ, ਜਿਸ ਨਾਲ ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਵਿੱਚ ਦੇਰੀ ਹੋ ਰਹੀ ਹੈ।  ਉਨ੍ਹਾਂ ਮੰਤਰੀ ਕੋਲੋਂ ਇਨ੍ਹਾਂ ਪ੍ਰੋਜੈਕਟਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ।

ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਉਠਾਏ ਲੋਕ ਹਿੱਤ ਦੇ ਇਨ੍ਹਾਂ ਮਸਲਿਆਂ ਦਾ ਜੁਆਬ ਦਿੰਦਿਆਂ ਸੂਬੇ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਇਨ੍ਹਾਂ ਮਸਲਿਆਂ ਉੱਪਰ ਜਰੂਰ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਜਨਤਾ ਦਰਬਾਰ ਵਿੱਚ ਹਾਜ਼ਰ ਵਿਭਾਗ ਦੇ ਮੁੱਖੀ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡ ਤਿੱਬੜ ਵਿਖੇ ਸੀਵਰੇਜ ਪਾਉਣ ਲਈ ਰੀਪੋਰਟ ਤਿਆਰ ਕੀਤੀ ਜਾਵੇ ਅਤੇ ਨਾਲ ਹੀ ਪਿੰਡ ਡੱਲਾ ਗੋਰੀਆ ਅਤੇ ਸ਼ੇਰਪੁਰ ਵਿਖੇ ਬਣ ਰਹੀਆਂ ਪਾਣੀ ਦੀਆਂ ਟੈਂਕੀਆਂ ਦਾ ਕੰਮ ਨੂੰ ਬਿਨ੍ਹਾਂ ਕਿਸੇ ਦੇਰੀ ਮੁਕੰਮਲ ਕੀਤਾ ਜਾਵੇ।   ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਰਾਜ ਸਰਕਾਰ ਵੱਲੋਂ ਅਜਿਹੇ ਲੋਕ ਹਿੱਤ ਦੇ ਕਾਰਜ ਪਹਿਲ ਦੇ ਅਧਾਰ ’ਤੇ ਕੀਤੇ ਜਾਣਗੇ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਦਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀਆਂ ਉਪਰੋਕਤ ਮੰਗਾਂ ਵੱਲ ਉਚੇਚਾ ਧਿਆਨ ਦੇਣ ਲਈ ਧੰਨਵਾਦ ਕੀਤਾ।

Exit mobile version