‘ਆਪ’ ਵੱਲੋਂ ਕੇਂਦਰੀ ਬਜਟ ਨੂੰ ਪੂੰਜੀਵਾਦੀ ਪੱਖੀ ਕਰਾਰ, ਕਿਹਾ, ਅੰਮ੍ਰਿਤ ਕਾਲ ਦੇ ਬਜਟ ਵਿੱਚ ਕਿਸਾਨਾਂ, ਜਵਾਨਾਂ ਅਤੇ ਮਹਿਲਾਵਾਂ ਲਈ ਕੁਝ ਨਹੀਂ

ਇਹ ਭਾਜਪਾ ਦਾ ਅੰਮ੍ਰਿਤ ਕਾਲ ਹੈ ਜਿੱਥੇ ਹੀਰੇ ਸਸਤੇ ਹੋ ਗਏ ਅਤੇ ਆਟਾ ਮਹਿੰਗਾ ਹੋ ਗਿਆ ਹੈ: ਮਲਵਿੰਦਰ ਕੰਗ

‘ਅੱਛੇ ਦਿਨਾਂ’ ‘ਚ ਬੇਰੁਜ਼ਗਾਰੀ ਦਰ ਐਨੀ ਭਿਅੰਕਰ ਹੈ ਤਾਂ ਅੰਮ੍ਰਿਤ ਕਾਲ ਪਤਾ ਨਹੀਂ ਕੀ ਰੰਗ ਦਿਖਾਏਗਾ: ਕੰਗ

ਕਿਹਾ, ਪੰਜਾਬ ਨਾਲ ਭਾਜਪਾ ਸਰਕਾਰ ਵੱਲੋਂ ਫਿਰ ਵਿਤਕਰਾ, ਬਜਟ ਵਿੱਚ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦਾ ਜ਼ਿਕਰ ਤੱਕ ਨਹੀਂ

ਚੰਡੀਗੜ੍ਹ, 2 ਫਰਵਰੀ 2023 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ‘ਅੰਮ੍ਰਿਤ ਕਾਲ’ ਬਜਟ ਨੂੰ ਪੂੰਜੀਵਾਦੀ ਪੱਖੀ ਕਰਾਰ ਦਿੰਦਿਆਂ ਕਿਹਾ ਕਿ ਇਸ ਬਜਟ ਵਿੱਚ ਕਿਸਾਨਾਂ, ਜਵਾਨਾਂ ਅਤੇ ਮਹਿਲਾਵਾਂ ਲਈ ਕੁਝ ਵੀ ਨਹੀਂ ਹੈ। ਸਰਕਾਰ ਨੇ ਪੂਰਾ ਬਜਟ ਆਪਣੇ ਅਡਾਨੀ ਵਰਗੇ ਦੋਸਤਾਂ ਨੂੰ ਸਮਰਪਿਤ ਕਰ ਦਿੱਤਾ ਹੈ।

ਵੀਰਵਾਰ ਨੂੰ ਪਾਰਟੀ ਦੇ ਇੱਥੇ ਸਥਿਤ ਦਫ਼ਤਰ ਤੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਦਾ ‘ਅੰਮ੍ਰਿਤ ਕਾਲ’ ਮੋਦੀ ਦੇ ‘ਅੱਛੇ ਦਿਨ’ ਵਰਗਾ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਬੁਲਾਰੇ ਐਡਵੋਕੇਟ ਗੋਵਿੰਦਰ ਮਿੱਤਲ ਅਤੇ ਐਡਵੋਕੇਟ ਰਵਿੰਦਰ ਸਿੰਘ ਹਾਜ਼ਰ ਸਨ।

ਵਿੱਤ ਮੰਤਰੀ ਦਾ ਦੇਸ਼ ਦੇ ਨਾਗਰਿਕਾਂ ਦੀ ਆਮਦਨ ਦੁੱਗਣੀ ਕਰਨ ਦਾ ਜੁਮਲਾ 2014 ‘ਚ ਇਨ੍ਹਾਂ ਦੇ ਹਰੇਕ ਦੇ ਖਾਤੇ ‘ਚ 15-15 ਲੱਖ ਰੁਪਏ ਦੇਣ ਵਰਗਾ ਹੈ ਅਤੇ ਦੇਸ਼ ਦਾ ਹਰ ਨਾਗਰਿਕ ਇਸਦੀ ਸੱਚਾਈ ਤੋਂ ਜਾਣੂ ਹੈ।

ਉਨ੍ਹਾਂ ਕੇਂਦਰ ਸਰਕਾਰ ‘ਤੇ ਤੰਜ ਕੱਸਦਿਆਂ ਕਿਹਾ ਕਿ ਇਨ੍ਹਾਂ ਦਾ ਅੰਮ੍ਰਿਤ ਕਾਲ ਉਹ ਹੈ ਜਿੱਥੇ ਹੀਰੇ ਸਸਤੇ ਹੋ ਗਏ ਹਨ ਅਤੇ ਆਟਾ ਮਹਿੰਗਾ ਹੋ ਗਿਆ ਹੈ। 2014 ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕਰਨ ਵਾਲੇ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੌਰਾਨ ਖੇਤੀਬਾੜੀ ਨਾਲ ਜੁੜੀ ਹਰ ਵਸਤ, ਖਾਦਾਂ, ਬੀਜ, ਤੇਲ ਆਦਿ ਸਭ ਦੇ ਰੇਟ ਦੁੱਗਣੇ ਤਿੱਗਣੇ ਕਰ ਦਿੱਤੇ ਅਤੇ ਦੇਸ਼ ਦਾ ਕਿਸਾਨ ਇਨ੍ਹਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਹੋਰ ਜ਼ਿਆਦਾ ਵਿੱਤੀ ਸੰਕਟ ਵਿੱਚ ਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਕਿਸਾਨਾਂ, ਜਵਾਨਾਂ, ਮਹਿਲਾਵਾਂ ਅਤੇ ਪਿਛੜੇ ਵਰਗਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ, ਕਿਉਂਕਿ ਭਾਜਪਾ ਸਰਕਾਰ ਸਿਰਫ਼ ਆਪਣੇ ਪੂੰਜੀਵਾਦੀ ਮਿੱਤਰਾਂ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ। 2014 ਦੇ ‘ਅੱਛੇ ਦਿਨਾਂ’ ਵਿੱਚ ਨਰਿੰਦਰ ਮੋਦੀ ਨੇ ਹਰ ਸਾਲ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਪਰ ਅੱਜ ਦੇਸ਼ ਇਤਿਹਾਸ ਦੀ ਸਭ ਤੋਂ ਭਿਅੰਕਰ ਬੇਰੁਜ਼ਗਾਰੀ ਦਰ ਦਾ ਸਾਹਮਣਾ ਕਰ ਰਿਹਾ ਹੈ ਤਾਂ ਪਤਾ ਨਹੀਂ ਮੋਦੀ ਸਰਕਾਰ ਇਸ ‘ਅੰਮ੍ਰਿਤ ਕਾਲ’ ਵਿੱਚ ਕੀ ਕਰੇਗੀ। 

ਮਲਵਿੰਦਰ ਕੰਗ ਨੇ ਕਿਹਾ ਕਿ ਮੋਦੀ ਜੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਹਵਾਈ ਚੱਪਲ ਵਾਲੇ ਹਵਾਈ ਸਫ਼ਰ ਕਰਨਗੇ ਪਰ ‘ਅਡਾਨੀਕਰਨ’ ਤੋਂ ਬਾਅਦ ਹਲਾਤ ਇਹ ਹਨ ਕਿ ਆਮ ਲੋਕ ਰੇਲਵੇ ਦਾ ਸਫ਼ਰ ਕਰਨ ਤੋਂ ਵੀ ਅਸਮਰਥ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਮਦਨ ਕਰ ਵਿਚ ਛੋਟ ਦਾ ਪ੍ਰਚਾਰ ਕਰ ਰਹੀ ਜਦਕਿ ਨੋਟਬੰਦੀ, ਜੀਐੱਸਟੀ, ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਮਾਰ ਹੇਠ ਆਮ ਲੋਕਾਂ ਕੋਲ ਆਮਦਨ ਹੀ ਨਹੀਂ।

ਕੰਗ ਨੇ ਮੋਦੀ ਸਰਕਾਰ ਨੂੰ ਯਾਦ ਕਰਵਾਇਆ ਕਿ ‘ਅੱਛੇ ਦਿਨਾਂ’ ਤੋਂ ਪਹਿਲਾਂ ਭਾਰਤ ਸਿਰ 53 ਲੱਖ ਕਰੋੜ ਦਾ ਕਰਜ਼ਾ ਸੀ ਜੋ ਹੁਣ 150 ਲੱਖ ਕਰੋੜ ਹੋ ਗਿਆ ਹੈ ਤਾਂ ਕੀ ਭਾਜਪਾ ਦੱਸ ਸਕਦੀ ਹੈ ਕਿ ‘ਅੰਮ੍ਰਿਤ ਕਾਲ’ ਬਾਅਦ ਕੀ ਹਲਾਤ ਹੋਣਗੇ। 

ਕੰਗ ਨੇ ਇਸ ਬਜਟ ਵਿੱਚ ਪੰਜਾਬ ਨੂੰ ਕੋਈ ਵੀ ਖ਼ਾਸ ਪੈਕੇਜ ਨਾ ਦੇਣ ਲਈ ਵੀ ਭਾਜਪਾ ਸਰਕਾਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇੱਕ ਵਾਰ ਫਿਰ ਉਨ੍ਹਾਂ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਪੰਜਾਬ, ਸਰਹੱਦੀ ਕਿਸਾਨਾਂ ਅਤੇ ਫ਼ਸਲੀ ਵਿਭਿੰਨਤਾ ਦਾ ਜ਼ਿਕਰ ਤੱਕ ਵੀ ਨਾ ਹੋਣਾ ਪੰਜਾਬ ਦੇ ਲੋਕਾਂ ਨਾਲ ਇੱਕ ਬੁਰਾ ਵਿਤਕਰਾ ਹੈ। 

ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਸਿਹਤ ਅਤੇ ਸਿੱਖਿਆ ਦੇ ਬਜਟ ਘਟਾ ਕੇ ਭਾਜਪਾ ਨੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਪਰ ਦੇਸ਼ ਦੇ ਲੋਕ ਸਿਆਣੇ ਹਨ ਅਤੇ ਇਹ ਭਾਜਪਾ ਸਰਕਾਰ ਦਾ ਆਖ਼ਿਰੀ ਬਜਟ ਸਾਬਿਤ ਹੋਵੇਗਾ, ਪੰਜਾਬ ਸਮੇਤ ਦੇਸ਼ ਭਰ ਦੇ ਲੋਕ ਭਾਜਪਾ ਦੀ ਲੋਕ ਵਿਰੋਧੀ ਨੀਤੀਆਂ ਦਾ ਜਲਦ ਹੀ ਜਵਾਬ ਦੇਣਗੇ।

Exit mobile version