ਮਨੀਸ਼ਾ ਗੁਲਾਟੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਸੰਬੰਧੀ ਹੁਕਮ ਜਾਰੀ, ਪੜੋ ਕਿਓ ਜਾਰੀ ਹੋਏ ਹੁਕਮ

ਚੰਡੀਗੜ੍ਹ, 1 ਫ਼ਰਵਰੀ, 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇਕ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਸੰਬੰਧੀ ਹੁਕਮ ਜਾਰੀ ਕੀਤੇ ਹਨ।

ਲਗਾਤਾਰ ਦੂਜੀ ਵਾਰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਣੀ ਮਨੀਸ਼ਾ ਗੁਲਾਟੀ ਨੂੰ ਉਹਨਾਂ ਦੀ ਸਤੰਬਰ ਮਹੀਨੇ ਵਿੱਚ 3 ਸਾਲ ਦੀ ਦੂਜੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ।

ਸਰਕਾਰ ਵੱਲੋਂ ਮਨੀਸ਼ਾ ਗੁਲਾਟੀ ਨੂੰ ਇਕ ਪੱਤਰ ਲਿਖ਼ ਕੇ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਅਹੁਦੇ ਦੀ ਤਿੰਨ ਸਾਲ ਦੀ ਪਹਿਲੀ ਮਿਆਦ ਪੂਰੀ ਹੋਣ ’ਤੇ ਉਨ੍ਹਾਂ ਨੂੰ 3 ਸਾਲ ਦੀ ਇਕ ਹੋਰ ‘ਐਕਸਟੈਂਸ਼ਨ’ ਦੇ ਦਿੱਤੀ ਗਈ ਸੀ, ਜੋ ਨਿਯਮਾਂ ਅਨੁਸਾਰ ਨਹੀਂ ਪਾਈ ਗਈ।

ਸਰਕਾਰ ਨੇ ਮੰਨਿਆ ਹੈ ਕਿ ਤਤਕਾਲੀ ਕਾਂਗਰਸ ਸਰਕਾਰ ਵੱਲੋਂ 18.9.2020 ਨੂੰ ਉਹਨਾਂ ਨੂੰ ਦੂਜੀ ਮਿਆਦ ਦੇਣ ਦਾ ਫ਼ੈਸਲਾ ਨਿਯਮਾਂ ਅਨੁਸਾਰ ਨਹੀਂ ਸੀ ਕਿਉਂਕਿ ਮਹਿਲਾ ਕਮਿਸ਼ਨ ਦੇ ਕਿਸੇ ਚੇਅਰਮੈਨ ਜਾਂ ਮੈਂਬਰ ਨੂੰ ਅਗਲੀ ਟਰਮ ਲਈ ‘ਐਕਸਟੈਂਸ਼ਨ’ ਨਹੀਂ ਦਿੱਤੀ ਜਾ ਸਕਦੀ।

ਉਪਰੋਕਤ ਹਵਾਲਾ ਦਿੰਦਿਆਂ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਸਤੰਬਰ 2020 ਵਿੱਚ ‘ਐਕਸਟੈਂਸ਼ਨ’ ਦਿੱਤੇ ਜਾਣ ਬਾਰੇ ਚਿੱਠੀ ਵਾਪਸ ਲੈ ਲਈ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਅਹੁਦਾ ਮੁਕਤ ਕਰ ਦਿੱਤਾ ਗਿਆ ਹੈ।

Exit mobile version