ਭਗਵੰਤ ਮਾਨ ਸਰਕਾਰ ਦੀ ਇਤਿਹਾਸਕ ਪਹਿਲਕਦਮੀ:ਸੂਬੇ ਵਿੱਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂ– ਮੀਤ ਹੇਅਰ

ਰੇਤ ਅਤੇ ਬੱਜਰੀ ਦੀ ਰੋਜ਼ਾਨਾ ਆਧਾਰ ‘ਤੇ ਵਧ ਰਹੀ ਉਪਲੱਬਧਤਾ ਕਰਕੇ ਕੀਮਤਾਂ ਘਟਣ ਨਾਲ ਕਿਫ਼ਾਇਤੀ ਦਰਾਂ ਤੇ ਮਿਲੇਗੀ ਰੇਤ ਅਤੇ ਬੱਜਰੀ

ਚੰਡੀਗੜ੍ਹ, 30 ਜਨਵਰੀ (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖਣਨ ਵਿਭਾਗ ਨੇ ਸੂਬੇ ਦੇ ਲੋਕਾਂ ਨੂੰ ਰੇਤ ਦੀਆਂ ਖੱਡਾਂ (ਪਬਲਿਕ ਮਾਈਨਿੰਗ ਸਾਈਟਾਂ) ਦੀ ਸਹੂਲਤ ਦੇਣ ਲਈ ਤਿਆਰੀ ਕਰ ਲਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਮ ਲੋਕਾਂ ਨੂੰ ਰੇਤਾ ਅਤੇ ਬੱਜਰੀ ਵਾਜਬ ਦਰਾਂ ‘ਤੇ ਲੋੜੀਂਦੀ ਮਾਤਰਾ ਵਿੱਚ ਮਿਲ ਸਕੇ।

ਇਸ ਫੈਸਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਇਤਿਹਾਸਕ ਅਤੇ ਅਹਿਮ ਪਹਿਲਕਦਮੀ ਕਰਾਰ ਦਿੰਦਿਆਂ ਖਣਨ ਅਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਹ ਖੱਡਾਂ ਰੇਤ ਦੀਆਂ ਕੀਮਤਾਂ ਵਿੱਚ ਵਾਧੇ ਦੀ ਕਿਸੇ ਵੀ ਗਲਤ ਕਾਰਵਾਈ ਨੂੰ ਰੋਕਣ ਵਿੱਚ ਸਹਾਈ ਹੋਣਗੀਆਂ ਜਿਸ ਨਾਲ ਲੋਕ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਖੱਡ ਤੋਂ ਵਾਜਬ ਦਰਾਂ ‘ਤੇ ਰੇਤਾ ਖਰੀਦ ਸਕਣਗੇ।

ਖਣਨ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਜਿਹੀਆਂ ਸਾਰੀਆਂ ਖੱਡਾਂ ਦੇ ਵੇਰਵਿਆਂ ਬਾਰੇ ਜਲਦੀ ਹੀ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਲਈ ਰੇਤੇ ਦੀ ਪਹਿਲੀ ਖੱਡ ਦਾ ਉਦਘਾਟਨ ਵੀ ਮੁੱਖ ਮੰਤਰੀ ਤਰਫੋਂ ਜਲਦ ਹੀ ਕੀਤਾ ਜਾਵੇਗਾ।

ਮੀਤ ਹੇਅਰ ਨੇ ਕਿਹਾ ਕਿ ਖਣਨ ਵਿਭਾਗ ਮੁੱਖ ਮੰਤਰੀ ਭਗਵੰਤ ਵੱਲੋਂ ਸੂਬੇ ਦੇ ਲੋਕਾਂ ਨੂੰ ਸਸਤਾ ਤੇ ਆਸਾਨੀ ਨਾਲ ਰੇਤਾ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ।

ਖਣਨ ਮੰਤਰੀ ਨੇ ਕਿਹਾ ਕਿ ਪਬਲਿਕ ਮਾਈਨਿੰਗ ਸਾਈਟ ਰੇਤੇ ਦੀ ਇੱਕ ਅਜਿਹੀ ਖੱਡ ਹੋਵੇਗੀ ਜਿੱਥੋਂ ਕੋਈ ਵੀ ਵਿਅਕਤੀ 5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਆਪਣੀ ਨਿੱਜੀ ਵਰਤੋਂ ਲਈ ਰੇਤਾ ਖਰੀਦ ਸਕੇਗਾ। ਅਜਿਹੇ ਵਿਅਕਤੀ ਨੂੰ ਖੱਡ ‘ਚੋਂ ਲੋੜੀਂਦੀ ਮਾਤਰਾ ਵਿੱਚ ਰੇਤਾ ਕੱਢਣ ਲਈ ਲੇਬਰ ਦੇ ਨਾਲ ਆਪਣਾ ਵਾਹਨ ਲਿਆਉਣਾ ਪਵੇਗਾ। ਕਿਸੇ ਵੀ ਖੱਡ ‘ਤੇ ਜੇ.ਸੀ.ਬੀ. ਜਾਂ ਅਜਿਹੀ ਕੋਈ ਵੀ ਮਸ਼ੀਨਰੀ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਠੇਕੇਦਾਰ ਨੂੰ ਇਸ ਵਿੱਚੋਂ ਰੇਤਾ ਕੱਢਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵਿਕਰੀ ਮੁੱਲ ਲੈਣ ਲਈ ਸਰਕਾਰੀ ਮੁਲਾਜ਼ਮ ਮੌਕੇ ‘ਤੇ ਮੌਜੂਦ ਰਹਿਣਗੇ ਅਤੇ ਇਸਦੀ ਢੁੱਕਵੀਂ ਰਸੀਦ ਸੌਂਪਣਗੇ।

ਸੂਬੇ ਵਿੱਚ ਰੇਤ ਅਤੇ ਬੱਜਰੀ ਦੀ ਉਪਲਬਧਤਾ ਬਾਰੇ ਵਿਸਥਾਰ ਵਿੱਚ ਦੱਸਦਿਆਂ ਖਣਨ ਮੰਤਰੀ ਨੇ ਕਿਹਾ ਕਿ ਰੋਪੜ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਮਾਈਨਿੰਗ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ ਅਤੇ ਜਲਦੀ ਹੀ ਬਾਕੀ ਜ਼ਿਲ੍ਹਿਆਂ ਵਿੱਚ ਵੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਕਿ ਰੇਤਾ ਅਤੇ ਬੱਜਰੀ ਲੋਕਾਂ ਨੂੰ ਵਾਜਬ ਦਰਾਂ ਮਿਲੇ ਅਤੇ ਰੇਟ ਪਹਿਲਾਂ ਹੀ ਘਟਣੇ ਸ਼ੁਰੂ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ ਟਰਾਂਸਪੋਰਟਰਾਂ, ਕਰੱਸ਼ਰ ਮਾਲਕਾਂ ਅਤੇ ਮਾਈਨਰਾਂ ਨੂੰ ਜ਼ਿਆਦਾ ਪੈਸੇ ਵਸੂਲਣ ਪ੍ਰਤੀ ਸੁਚੇਤ ਕੀਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰਾਂ ਨੂੰ ਖਪਤਕਾਰਾਂ ਤੋਂ ਰੇਤ ਜਾਂ ਬੱਜਰੀ ਲਈ ਅਦਾ ਕੀਤੀ ਕੀਮਤ ਬਾਰੇ ਸਮੇਂ-ਸਮੇਂ ‘ਤੇ ਜਾਣਕਾਰੀ ਲੈਣ ਲਈ ਟੀਮਾਂ ਤਾਇਨਾਤ ਕਰਨ ਲਈ ਕਿਹਾ ਗਿਆ ਹੈ।

ਸ਼ਰਾਰਤੀ ਅਨਸਰਾਂ ਨੂੰ ਸਪੱਸ਼ਟ ਚਿਤਾਵਨੀ ਦਿੰਦੇ ਹੋਏ ਮੀਤ ਹੇਅਰ ਨੇ ਕਰੱਸ਼ਰ ਮਾਲਕਾਂ, ਟਰਾਂਸਪੋਰਟਰਾਂ ਅਤੇ ਮਾਈਨਰਾਂ ਨੂੰ ਖਪਤਕਾਰਾਂ ਤੋਂ ਵੱਧ ਖਰਚਾ ਲੈਣ ਪ੍ਰਤੀ ਸੁਚੇਤ ਕੀਤਾ ਅਤੇ ਅਜਿਹਾ ਨਾ ਕਰਨ ‘ਤੇ ਮਾਈਨਰ ਮਿਨਰਲਜ਼ ਤੱਕ ਉਨ੍ਹਾਂ ਦੀ ਵਪਾਰਕ ਪਹੁੰਚ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਪਲਾਈ ਲਾਈਨ ਕੁਝ ਦਿਨਾਂ ਵਿੱਚ ਪੂਰੀ ਤਰ੍ਹਾਂ ਸੁਚਾਰੂ ਹੋ ਜਾਵੇਗੀ।

Exit mobile version