ਲੱਖਾਂ ਦੀ ਨਕਦੀ ਅਤੇ ਚਾਂਦੀ ਦੇ ਸਿੱਕੇ ਕੀਤੇ ਚੋਰੀ

ਗੁਰਦਾਸਪੁਰ, 28 ਜਨਵਰੀ (ਮੰਨਣ ਸੈਣੀ)। ਪੁਲਿਸ ਲਾਈਨ ਦੇ ਸਾਹਮਣੇ ਸਥਿਤ ਅਖਬਾਰ ਦੇ ਦਫਤਰ ਦੇ ਬਾਹਰੋਂ ਇੱਕ ਪੱਤਰਕਾਰ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਅਜੇ ਸੁਲਝਿਆ ਵੀ ਨਹੀਂ ਸੀ ਕਿ ਮੁਹੱਲਾ ਉਂਕਾਰ ਨਗਰ ‘ਚ ਚੋਰ ਇੱਕ ਹੋਰ ਸੀਨੀਅਰ ਪੱਤਰਕਾਰ ਦੇ ਘਰ ਦੇ ਅੰਦਰ ਵੜ ਕੇ ਲੱਖਾਂ ਦੀ ਨਕਦੀ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ । ਪੱਤਰਕਾਰ ਦਾ ਪਰਿਵਾਰ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੋਲਕਾਤਾ ਗਿਆ ਹੋਇਆ ਸੀ। ਇਸੇ ਦੌਰਾਨ ਰਾਤ ਨੂੰ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰੀ ਦੀ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪੱਤਰਕਾਰ ਦਾ ਇੱਕ ਰਿਸ਼ਤੇਦਾਰ ਸਵੇਰੇ ਉਸ ਦੇ ਘਰ ਪਹੁੰਚਿਆ ਅਤੇ ਗੇਟ ਖੋਲ੍ਹ ਕੇ ਅੰਦਰ ਗਿਆ ਤਾਂ ਕੱਲ ਅਸਮਾਨ ਵਿਖਾਇਆ ਗਿਆ ਦੇਖਿਆ। ਉਸ ਨੇ ਇਸ ਸਬੰਧੀ ਪੱਤਰਕਾਰ ਕੇ.ਪੀ ਸਿੰਘ ਨੂੰ ਫੋਨ ’ਤੇ ਜਾਣਕਾਰੀ ਦਿੱਤੀ।

ਸੀਨੀਅਰ ਪੱਤਰਕਾਰ ਕੇਪੀ ਸਿੰਘ ਨੇ ਫੋਨ ਤੇ ਦੱਸਿਆ ਕਿ ਸ਼ੁਰੂਆਤੀ ਪਰਤਾਲ ਵਿਚ ਪਤਾ ਲੱਗਿਆ ਹੈ ਕਿ ਚੋਰ ਘਰ ਵਿੱਚੋਂ ਦੋ ਲੱਖ ਰੁਪਏ ਤੋਂ ਵੱਧ ਦੀ ਨਕਦੀ, 150 ਚਾਂਦੀ ਦੇ ਸਿੱਕੇ ‌ ਜਿਨ੍ਹਾਂ ਤੇ ਦੈਨਿਕ ਜਾਗਰਣ ਛਪਿਆ ਸੀ ਅਤੇ ਇੱਕ ਛੇ ਗ੍ਰਾਮ ਵਜ਼ਨੀ ਸੋਨੇ ਦੀ ਅੰਗੂਠੀ ਚੋਰੀ ਕਰਕੇ ਲੈ ਗਏ ਹਨ। ਬਾਕੀ ਨੁਕਸਾਨ ਬਾਰੇ ਕੋਲਕਾਤਾ ਤੋਂ ਵਾਪਸ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

ਕੇ ਪੀ ਸਿੰਘ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਰਿਸ਼ਤੇਦਾਰ ਕੇਪੀ ਸਿੰਘ ਦੇ ਘਰ ਪਹੁੰਚਿਆ ਤਾਂ ਦੇਖਿਆ ਕਿ ਘਰ ਦੀ ਰਸੋਈ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਘਰ ਵਿੱਚ ਪਈਆਂ ਅਲਮਾਰੀਆਂ ਦੀਆਂ ਚਾਬੀਆਂ ਨਾਲ ਖੋਲ੍ਹ ਕੇ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਸਨ। ਚੋਰਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਘਰ ਵਿਚ ਕੋਈ ਨਹੀਂ ਹੈ ਅਤੇ ਉਹ ਗੇਟ ਟੱਪ ਕੇ ਘਰ ਦੇ ਅੰਦਰ ਵੜ ਗਏ। ਜਾਂ ਤਾਂ ਫਰੋਲਾ ਫਰੋਲੀ ਦੌਰਾਨ ਉਹਨਾਂ ਨੂੰ ਅਲਮਾਰੀ ਦੀਆਂ ਚਾਬੀਆਂ ਲੱਭ ਗਈਆਂ ਜਾਂ ਫਿਰ ਉਨ੍ਹਾਂ ਨੂੰ ਇਹ ਵੀ ਪਹਿਲਾਂ ਹੀ ਪਤਾ ਸੀ ਕਿ ਚਾਬੀਆਂ ਕਿੱਥੇ ਪਈਆਂ ਹਨ। ਚੋਰ ਚਾਬੀਆਂ ਨਾਲ ਅਲਮਾਰੀਆਂ ਖੋਲ੍ਹ ਕੇ ਅਲਮਾਰੀਆਂ ਵਿੱਚ ਪਈ ਨਗਦੀ , ਚਾਂਦੀ ਦੇ ਸਿੱਕੇ ਅਤੇ ਸੋਨੇ ਦੀ ਅੰਗੂਠੀ ਲੈ ਗਏ। ਮਾਮਲੇ ਦੀ ਸੂਚਨਾ ਥਾਣਾ ਸਿਟੀ ਨੂੰ ਦੇ ਦਿੱਤੀ ਗਈ ਹੈ।

ਥਾਣਾ ਸਿਟੀ ਤੋਂ ਪਹੁੰਚੇ ਏ.ਐਸ.ਆਈ ਜਸਵੰਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਚੋਰੀ ਦਾ ਸੁਰਾਗ ਜੁਟਾਉਣ ਲਈ ਨੇੜੇ-ਤੇੜੇ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ

Exit mobile version