ਕੁਲਤਾਰ ਸਿੰਘ ਸੰਧਵਾਂ ਵੱਲੋਂ ਖਿਡਾਰੀਆਂ ਨੂੰ ਦਿ੍ਰੜਤਾ ਨਾਲ ਮਿਹਨਤ ਕਰਨ ਦੀ ਅਪੀਲ

ਨੈਸ਼ਨਲ ਸਿੱਖ ਖੇਡਾਂ-2022 ਦੇ ਮਾਰਸ਼ਲ ਆਰਟਸ ’ਚ ਤਮਗਾ ਜੇਤੂ ਖਿਡਾਰੀਆਂ ਦਾ ਸਨਮਾਨ

ਚੰਡੀਗੜ, 23 ਜਨਵਰੀ (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਖੇਡਾਂ ਦੇ ਖੇਤਰ ਵਿੱਚ  ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਖਿਡਾਰੀਆਂ ਨੂੰ ਦਿ੍ਰੜਤਾ ਨਾਲ ਮਿਹਨਤ ਕਰਨ ਦੀ ਅਪੀਲ ਕੀਤੀ ਹੈ।

ਨੈਸ਼ਨਲ ਸਿੱਖ ਖੇਡਾਂ-2022 ਦੇ ਮਾਰਸ਼ਲ ਆਰਟਸ ਵਿੱਚੋਂ ਤਮਗੇ ਹਾਸਲ ਕਰਨ ਵਾਲੇ ਏਕਮਵੀਰ ਸਿੰਘ ਅਤੇ ਕਰਨਵੀਰ ਸਿੰਘ ਦਾ ਪ੍ਰਸੰਸ਼ਾ ਪੱਤਰ ਨਾਲ ਵਿਸ਼ੇਸ਼ ਸਨਮਾਨ ਕਰਨ ਮੌਕੇ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੁੜ ਮੋਹਰੀ ਸੂਬਾ ਬਣਾਉਣ ਲਈ ਸਰਗਰਮੀ ਆਰੰਭੀ ਹੋਈ ਹੈ। ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਪਾਸੇ ਲਾਉਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। 

ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਸਰਕਾਰ ਉਨਾਂ ਦੀ ਸਮਰੱਥਾ ਦਾ ਲਾਭ ਉਠਾਉਣ ਅਤੇ ਉਨਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣ ਲਈ ਯਤਨ ਕਰ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਹੁਣ ਪੰਜਾਬ ਵਿੱਚ ਖਿਡਾਰੀਆਂ ਨੂੰ ਅਤਿ ਆਧੁਨਿਕ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਖਿਡਾਰੀ ਆਪਣਾ ਵਧੀਆ ਪਰਦਰਸ਼ਨ ਦਿਖਾ ਸਕਣ ਤੇ ਦੇਸ਼ ਦਾ ਨਾਂ ਉਚਾ ਕਰ ਸਕਣ।

ਗੌਰਤਬਲ ਹੈ ਕਿ ਨੈਸ਼ਨਲ ਸਿੱਖ ਖੇਡਾਂ-2022 ਵਿੱਚ ਪਟਿਆਲਾ ਏਕਮਵੀਰ ਸਿੰਘ ਅਤੇ ਮੋਹਾਲੀ ਦੇ ਕਰਨਵੀਰ ਸਿੰਘ ਨੇ ਬੂਡੋ ਕਾਈ ਡੋ ਮਿਕਸਡ ਮਾਰਸ਼ਲ ਆਰਟਸ ਦੇ ਖੇਤਰ ਵਿੱਚ ਸੋਨ ਤਮਗੇ ਹਾਸਲ ਕੀਤੇ ਹਨ। ਸ. ਸੰਧਵਾਂ ਨੇ ਕਿਹਾ ਕਿ  ਇਨਾਂ ਖਿਡਾਰੀਆਂ ਵੱਲੋਂ ਸੋਨ ਤਮਗੇ ਹਾਸਲ ਕਰਨ ਸੂਬੇ ਲਈ ਬਹੁਤ ਫਖਰ ਦੀ ਗੱਲ ਹੈ। ਉਨਾਂ ਕਿਹਾ ਕਿ ਇਨਾਂ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ । ਉਨਾਂ ਨੇ ਦੋਵਾਂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨਾਂ ਦੀ ਸਿਹਤਯਾਬੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।

Exit mobile version