ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰ ਮੰਗਵਾਉਣ ਵਾਲੇ 9 ਸਮੱਗਲਰਾਂ ਖ਼ਿਲਾਫ਼ ਕੇਸ ਦਰਜ, ਮੁਲਜ਼ਮਾਂ ਵੱਲੋਂ ਪਾਕਿਸਤਾਨ ਤੋਂ ਮੰਗਵਾਈ ਗਈ ਦੋ ਕਿੱਲੋ ਹੈਰੋਇਨ, ਪਿਸਤੌਲ, ਕਾਰਤੂਸ

FIR

ਫ਼ਿਰੋਜ਼ਪੁਰ, 22 ਜਨਵਰੀ (ਦੀ ਪੰਜਾਬ ਵਾਇਰ)। ਥਾਣਾ ਮਮਦੋਟ ਪੁਲਿਸ ਨੇ ਐਤਵਾਰ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰ ਮੰਗਵਾਉਣ ਦੇ ਦੋਸ਼ ‘ਚ 9 ਸਮੱਗਲਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਸਾਰੇ ਸਮੱਗਲਰ ਫਰਾਰ ਹਨ। ਦੋ ਦਿਨ ਪਹਿਲਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਲਗਾਤਾਰ ਹੈਰੋਇਨ ਅਤੇ ਹਥਿਆਰ ਲਿਆਂਦੇ ਗਏ ਸਨ। ਕੁਝ ਸਮਾਨ ਸਪਲਾਈ ਕਰ ਦਿੱਤਾ ਗਿਆ ਸੀ ਅਤੇ ਕੁਝ ਪਿੰਡ ਸੇਠਾਂ ਵਾਲਾ ਅਤੇ ਦੋਨਾ ਰਹਿਮਤ ਵਾਲਾ ਵਿਖੇ ਕਣਕ ਦੇ ਖੇਤਾਂ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ, ਜੋ ਕਿ ਸ਼ਨੀਵਾਰ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸ ਵਿੱਚ ਦੋ ਕਿਲੋ ਹੈਰੋਇਨ, ਤੀਹ ਬੋਰ ਦਾ ਪਿਸਤੌਲ, ਦੋ ਮੈਗਜ਼ੀਨ ਅਤੇ ਬਾਰਾਂ ਕਾਰਤੂਸ ਸ਼ਾਮਲ ਹਨ। ਬੀਐਸਐਫ ਅਤੇ ਪੁਲੀਸ ਨੇ ਐਤਵਾਰ ਨੂੰ ਵੀ ਮਮਦੋਟ ਦੇ ਕਈ ਪਿੰਡਾਂ ਵਿੱਚ ਚੈਕਿੰਗ ਅਭਿਆਨ ਸ਼ੁਰੂ ਕਰ ਦਿੱਤਾ ਹੈ।

ਥਾਣਾ ਮਮਦੋਟ ਦੇ ਐਸਐਚਓ ਲੇਖਰਾਜ ਅਨੁਸਾਰ ਪੁਲੀਸ ਅਤੇ ਬੀਐਸਐਫ ਵੱਲੋਂ ਮਮਦੋਟ ਦੇ ਕਈ ਪਿੰਡਾਂ ਵਿੱਚ ਸਾਂਝੇ ਤੌਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਐਸ.ਐਚ.ਓ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਪਿੰਡ ਸਾਹਣਕੇ ਨੇੜੇ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਪਾਕਿਸਤਾਨ ਤੋਂ ਵੱਡੀ ਪੱਧਰ ‘ਤੇ ਹੈਰੋਇਨ ਅਤੇ ਅਸਲਾ ਲਿਆ ਕੇ ਅੱਗੇ ਸਪਲਾਈ ਕਰਦਾ ਹੈ। ਦੋ ਦਿਨ ਪਹਿਲਾਂ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਲਗਾਤਾਰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਈ ਜਾ ਰਹੀ ਹੈ। ਪੁਲੀਸ ਨੂੰ ਦੱਸਿਆ ਗਿਆ ਕਿ ਮੁਲਜ਼ਮਾਂ ਨੇ ਪਿੰਡ ਸੇਠਾਂ ਵਾਲਾ ਅਤੇ ਦੋਨਾ ਰਹਿਮਤ ਵਾਲਾ ਦੇ ਕਣਕ ਦੇ ਖੇਤਾਂ ਵਿੱਚ ਹੈਰੋਇਨ ਅਤੇ ਅਸਲੇ ਦੀ ਖੇਪ ਛੁਪਾ ਕੇ ਰੱਖੀ ਹੋਈ ਸੀ। ਪੁਲਿਸ ਨੇ ਖੇਤਾਂ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਖੇਤ ਵਿੱਚ ਉੱਕਰੀ ਹੋਈ ਜ਼ਮੀਨ ਦਿਖਾਈ ਦਿੱਤੀ। ਜਦੋਂ ਇਸ ਦੀ ਪੁਟਾਈ ਕੀਤੀ ਗਈ ਤਾਂ ਉਸ ਵਿੱਚੋਂ ਪਲਾਸਟਿਕ ਦਾ ਲਿਫਾਫਾ ਮਿਲਿਆ, ਜਿਸ ਵਿੱਚ ਦੋ ਕਿਲੋ ਹੈਰੋਇਨ ਦੇ ਦੋ ਪੈਕਟ, ਤੀਹ ਬੋਰ ਦਾ ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ ਬਾਰਾਂ ਕਾਰਤੂਸ ਬਰਾਮਦ ਹੋਏ। ਇਹ ਸਾਮਾਨ ਖਰੀਦਣ ਵਾਲੇ ਮੁਲਜ਼ਮਾਂ ਦੀ ਪਛਾਣ ਖਾਲੜਾ ਸਿੰਘ, ਬਿੱਟੂ ਵਾਸੀ ਪਿੰਡ ਕੜਮਾ, ਨਿਸ਼ਾਨ ਸਿੰਘ ਵਾਸੀ ਸਾਹਾਂਕੇ (ਮਮਦੋਟ ਹਿਠਾੜ), ਬਲਜੀਤ ਸਿੰਘ, ਬੂਟਾ ਸਿੰਘ, ਅਰਸ਼ਦੀਪ ਸਿੰਘ, ਸੁਖਦੇਵ ਸਿੰਘ, ਮੰਗਲ ਸਿੰਘ ਵਾਸੀ ਦੋਨਾ ਰਹਿਮਤ ਵਾਲਾ ਅਤੇ ਅਮਰਜੀਤ ਸਿੰਘ ਵਾਸੀ ਸੈਦਕੇ ਨਿਓਲ ਵਜ਼ੋ ਹੋਈ ਹੈ। ਪੁਲਸ ਨੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਫਰਾਰ ਹਨ।

Exit mobile version