ਕੇਂਦਰ ਤੋਂ ਫੰਡ ਨਾ ਮਿਲਣ ਕਾਰਨ ਪਿੰਡਾ ਦੇ ਵਿਕਾਸ ‘ਤੇ ਹੋਵੇਗਾ ਮਾੜਾ ਅਸਰ – ਪ੍ਰਤਾਪ ਬਾਜਵਾ

ਚੰਡੀਗੜ੍ਹ, 30 ਨਵੰਬਰ (ਦੀ ਪੰਜਾਬ ਵਾਇਰ)। ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਲਗਾਤਾਰ ਤੀਜੀ ਵਾਰ ਕੇਂਦਰ ਸਰਕਾਰ ਤੋਂ ਪੇਂਡੂ ਵਿਕਾਸ ਫੰਡ (ਆਰਡੀਐਫ) ਪ੍ਰਾਪਤ ਕਰਨ ਵਿੱਚ ਅਸਫਲ ਰਹਿਣ ਲਈ ਭਗਵੰਤ ਮਾਨ ਸਰਕਾਰ ਦੀ ਨਿੰਦਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਤੀਸਰੇ ਖਰੀਦ ਸੀਜ਼ਨ ਲਈ ਲਗਾਤਾਰ ਆਰ.ਡੀ.ਐੱਫ. ਪ੍ਰਾਪਤ ਨਹੀਂ ਹੋਇਆ ਹੈ, ਕੇੰਦਰ ਦੇ ਇਸ ਕਦਮ ਨਾਲ ਘਟੋ ਘਟ 2880 ਕਰੋੜ ਰੁਪਏ ਵਿੱਤੀ ਘਾਟਾ ਸੂਬੇ ਦੇ ਖਾਸ ਕਰਕੇ ਪੇਂਡੂ ਖੇਤਰਾਂ ਦੇ ਵਿਕਾਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ।

ਬਾਜਵਾ ਨੇ ਕਿਹਾ ਕਿ “ਮੇਰੇ ਖਿਆਲ ਵਿੱਚ ਭਗਵੰਤ ਨੂੰ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪੰਜਾਬ ਦੇ ਮੁੱਦਿਆਂ, ਖਾਸ ਤੌਰ ‘ਤੇ ਉਨ੍ਹਾਂ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿਨ੍ਹਾਂ ਨੂੰ ਕੇਂਦਰ ਸਰਕਾਰ ਕੋਲ ਵੱਖ-ਵੱਖ ਪੱਧਰਾਂ ‘ਤੇ ਉਠਾਉਣ ਦੀ ਲੋੜ ਹੈ।” ਬਾਜਵਾ ਨੇ ਕਿਹਾ ਬਿਨਾਂ ਕਿਸੇ ਦੇਰੀ ਦੇ ਸੂਬੇ ਲਈ ਫੰਡ ਜਾਰੀ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਰਡੀਐਫ ਨੂੰ ਰੋਕਣਾ ਸੂਬੇ ਦੇ ਸੰਘੀ ਅਧਿਕਾਰਾਂ ‘ਤੇ ਸਿੱਧਾ ਹਮਲਾ ਹੈ ਅਤੇ ਇਸ ਨਾਲ ਪੰਜਾਬ ਦੇ ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਗੰਭੀਰਤਾ ਨਾਲ ਖ਼ਤਰਾ ਪੈਦਾ ਹੋਵੇਗਾ।

ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨੈਸ਼ਨਲ ਫੂਡ ਸਕਿਓਰਿਟੀ ਐਕਟ ਅਧੀਨ ਸੂਬੇ ਦੇ ਗਰੀਬ ਵਰਗਾਂ ਲਈ ਪੰਜਾਬ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਵਾਲੀ ਕਣਕ ‘ਤੇ ਵੀ ਕਟੌਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਸਕੀਮ ਦਾ ਲਾਭ ਲੈਣ ਵਾਲੇ ਫਰਜ਼ੀ ਲਾਭਪਾਤਰੀਆਂ ਬਾਰੇ ਕੇਂਦਰ ਨੂੰ ਜਾਣੂ ਕਰਵਾਉਣ ਵਿੱਚ ਅਸਫਲ ਰਹੀ ਹੈ। ਜਾਅਲੀ ਲਾਭਪਾਤਰੀਆਂ ਦੀ ਪਛਾਣ ਕਰਨ ਦੀ ਤਸਦੀਕ ਦੀ ਕਵਾਇਦ ਪੰਜਾਬ ਤੋਂ ਬਾਹਰ ਹੋਣ ਵਾਲੀਆਂ ਚੋਣਾਂ ‘ਤੇ ਆਪਣਾ ਸਾਰਾ ਸਮਾਂ ਅਤੇ ਤਾਕਤ ਲਗਾਉਣ ਦੀ ਬਜਾਏ ਬਹੁਤ ਸਮਾਂ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ। ‘ਆਪ’ ਸਰਕਾਰ ਦਾ ਅਜਿਹਾ ਢਿੱਲਮੱਠ ਵਾਲਾ ਰਵੱਈਆ ਅਸਲ ਲਾਭਪਾਤਰੀਆਂ ਨੂੰ ਹੀ ਨੁਕਸਾਨ ਪਹੁੰਚਾਏਗਾ।

Exit mobile version