ਪੰਜਾਬ ਸਰਕਾਰ ਵੱਲੋਂ ਗੰਨਾ ਮਿੱਲ ਫਗਵਾੜਾ ਨੂੰ ਚਲਾਉਣ ਦੀ ਪ੍ਰਵਾਨਗੀ; ਨੋਟੀਫਿਕੇਸ਼ਨ ਜਾਰੀ

ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਗੰਨਾ ਮਿੱਲ ਚਲਾਉਣ ਦਾ ਫੈਸਲਾ: ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ, 27 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਅੱਜ ਗੋਲਡਨ ਸੰਧਰ ਮਿੱਲਜ਼ ਲਿਮਟਿਡ, ਫਗਵਾੜਾ ਨੂੰ 20 ਫ਼ਰਵਰੀ, 2023 ਤੱਕ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਵਰਣਨਯੋਗ ਹੈ ਕਿ ਇਹ ਪ੍ਰਵਾਨਗੀ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਦਿੱਤੀ ਗਈ ਹੈ।

ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਗੰਨਾ ਮਿੱਲ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਟੇਟ ਆਫ਼ ਇੰਡੀਆ ਵੱਲੋਂ ਹੋਲਡ ਆਨ ਆਪ੍ਰੇਸ਼ਨ ਦੌਰਾਨ ਇਹ ਮਿੱਲ ਨਿਰਧਾਰਤ ਸ਼ਰਤਾਂ ‘ਤੇ ਚਲਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਮਿੱਲ ਨਾਲ ਸਬੰਧਤ ਕਿਸਾਨਾਂ ਦੀ ਪੇਮੈਂਟ ਸਕਿਓਰ ਕਰਨ ਲਈ ਇੱਕ ਅੰਤਰ ਵਿਭਾਗੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ।ਇਸ ਕਮੇਟੀ ਵਿੱਚ ਐਸ.ਡੀ.ਐਮ ਫਗਵਾੜਾ, ਪ੍ਰਾਜੈਕਟ ਅਫ਼ਸਰ (ਗੰਨਾ) ਜਲੰਧਰ, ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ ਰੇਂਜ, ਡੀ.ਸੀ.ਐਫ਼.ਏ. (ਅੰਦਰੂਨੀ ਪੜਤਾਲ ਸੰਸਥਾ) ਕਪੂਰਥਲਾ, ਸਹਾਇਕ ਗੰਨਾ ਵਿਕਾਸ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਸਤਨਾਮ ਸਿੰਘ ਸਾਹਨੀ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਸ੍ਰੀ ਕ੍ਰਿਪਾਲ ਸਿੰਘ ਮੂਸਾਪੁਰ ਭਾਰਤੀ ਕਿਸਾਨ ਯੂਨੀਅਨ ਦੋਆਬਾ ਆਦਿ ਸ਼ਾਮਲ ਹੋਣਗੇ।

ਸ. ਧਾਲੀਵਾਲ ਨੇ ਦੱਸਿਆ ਕਿ ਇਹ ਕਮੇਟੀ ਗੰਨਾ ਮਿੱਲ ਵਿੱਚ ਆਉਣ ਵਾਲੇ ਗੰਨੇ, ਸ਼ੂਗਰ ਰਿਕਵਰੀ ਅਤੇ ਉਤਪਾਦਾਂ ਦੀ ਵਿਕਰੀ ‘ਤੇ ਪੂਰਨ ਨਿਗਰਾਨੀ ਰੱਖੇਗੀ ਅਤੇ ਕਿਸਾਨਾਂ ਨੂੰ ਗੰਨੇ ਦੀ 15 ਦਿਨੀਂ ਪੇਮੈਂਟ ਸਬੰਧੀ ਰਿਪੋਰਟ ਕੇਨ ਕਮਿਸ਼ਨਰ ਨੂੰ ਸੌਂਪੇਗੀ।

ਉਨ੍ਹਾਂ ਦੱਸਿਆ ਕਿ ਕੇਨ ਕਮਿਸ਼ਨਰ ਇਸ ਸਬੰਧੀ ਸੂਬਾ ਸਰਕਾਰ ਨੂੰ ਰਿਪੋਰਟ ਕਰਨਗੇ ਅਤੇ ਜੇਕਰ ਮਿੱਲ ਇਕਰਾਰ ਅਨੁਸਾਰ ਸਮੇਂ ਸਿਰ ਪੇਮੈਂਟ ਨਹੀਂ ਕਰਦੀ ਤਾਂ ਮਿੱਲ ਦਾ ਲਾਇਸੰਸ ਰੱਦ ਕਰਕੇ ਗੰਨਾ ਹੋਰਨਾ ਮਿੱਲਾਂ ਨੂੰ ਅਲਾਟ ਕਰ ਦਿੱਤਾ ਜਾਵੇਗਾ।

Exit mobile version