ਪਿੰਡ ਲਮੀਨ ਕਰਾਲ ਵਿਚ ਦਿਨ-ਦਿਹਾੜੇ ਚੋਰਾਂ ਗ੍ਰੋਹ ਨੇ ਉਡਾਏ 70 ਹਜ਼ਾਰ ਰੁਪਏ

ਗੁਰਦਾਸਪੁਰ, 26 ਨਵੰਬਰ (ਮੰਨਣ ਸੈਣੀ)। ਪੁਲਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਲਮੀਨ ਕਰਾਲ ਵਿਚ ਦਿਨ ਦਿਹਾੜੇ ਘਰ ਵਿਚੋਂ ਇਕ ਚੋਰ ਗਰੋਹ ਵੱਲੋਂ ਨਕਦੀ ਉਡਾਉਣ ਦੀ ਖ਼ਬਰ ਹੈ ਜਿਸ ਕਾਰਨ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।

ਚੋਰੀ ਦੀ ਘਟਨਾ ਤੋਂ ਪੀੜਤ ਬਾਦਲ ਸਿੰਘ ਪੁੱਤਰ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਫੁੱਟ ਵੀਅਰ ਦਾ ਕਾਰੋਬਾਰ ਕਰਦਾ ਹੈ। ਇਸ ਲਈ ਉਹ ਅਕਸਰ ਹੀ ਪਿੰਡਾਂ ਵਿੱਚ ਆਪਣਾ ਸਮਾਨ ਵੇਚਣ ਜਾਂਦਾ ਹੈ।ਬਾਦਲ ਸਿੰਘ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਉਹ ਆਪਣੇ ਕਾਰੋਬਾਰ ਲਈ ਪਿੰਡਾਂ ਵਿੱਚ ਗਿਆ ਸੀ ਅਤੇ ਉਸ ਦੇ ਮਾਤਾ-ਪਿਤਾ ਵੀ ਰਿਸ਼ਤੇਦਾਰੀ ਵਿਚ ਗਏ ਹੋਏ ਸਨ। ਉਸ ਦੀ ਪਤਨੀ ਵੀ ਆਪਣੇ ਰਿਸ਼ਤੇਦਾਰਾਂ ਕੋਲ ਗਈ ਹੋਈ ਸੀ। ਜਦੋਂ ਉਸ ਨੇ ਘਰ ਵਾਪਸ ਮੁੜਨ ਤੇ ਦੇਖਿਆ ਤਾਂ ਉਸ ਦੇ ਬਾਹਰ ਵਾਲੇ ਗੇਟ ਦਾ ਲੋਕ ਟੁੱਟਿਆ ਹੋਇਆ ਸੀ ਅਤੇ ਅੰਦਰ ਇੱਕ ਕਮਰੇ ਵਿੱਚ ਰੱਖੀ ਅਲਮਾਰੀ ਕੋਲ ਖਿਲਾਰਾ ਪਿਆ ਹੋਇਆ ਸੀ। ਉਨ੍ਹਾਂ ਵੱਲੋਂ ਆਪਣੇ ਕਾਰੋਬਾਰ ਲਈ ਅਲਮਾਰੀ ਵਿੱਚ ਰੱਖੇ ਹੋਏ 70 ਹਜ਼ਾਰ ਰੁਪਏ ਵੀ ਗਾਇਬ ਸਨ।

ਬਾਦਲ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਨਕਦੀ ਆਪਣੇ ਕਾਰੋਬਾਰ ਅਤੇ ਘਰ ਵਿਚ ਚਲਦੀ ਕਰਿਆਨੇ ਦੀ ਦੁਕਾਨ ਲਈ ਰੱਖੀ ਹੋਈ ਸੀ। ਬਾਦਲ ਸਿੰਘ ਅਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਉਨ੍ਹ ਨੇ ਥਾਣਾ ਪੁਰਾਣਾ ਸ਼ਾਲਾ ਦੇ ਪੁਲਿਸ ਮੁਖੀ ਨੂੰ ਦੇ ਦਿੱਤੀ ਹੈ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਹ ਚੋਰ-ਗਰੋਹ ਦੀ ਸੂਹ ਲਗਾ ਕੇ ਉਨ੍ਹਾਂ ਦਾ ਘਰੋਂ ਚੋਰੀ ਹੋਇਆ ਪੈਸਾ ਲੱਭਣ ਲਈ ਸਹਾਇਤਾ ਕੀਤੀ ਜਾਵੇ।

Exit mobile version