ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਹਰਵਿੰਦਰ ਸੋਨੀ ਖਿਲਾਫ਼ ਮਾਮਲਾ ਦਰਜ

ਗੁਰਦਾਸਪੁਰ, 16 ਨਵੰਬਰ (ਮੰਨਣ ਸੈਣੀ)। ਜ਼ਿਲਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਹਰਵਿੰਦਰ ਸੋਨੀ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਇਹ ਮਾਮਲਾ ਸੋਨੀ ਵੱਲੋਂ ਵਿਵਾਦਤ ਬਿਆਨ ਦੇਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਪਨਪੇ ਰੋਸ ਤੋਂ ਬਾਅਦ ਦਰਜ਼ ਕੀਤਾ ਗਿਆ ਹੈ। ਸੋਨੀ ਦੇ ਵਿਵਾਦਿਤ ਬਿਆਨ ਤੋਂ ਬਾਅਦ ਵੱਖ ਵੱਖ ਨਿੰਹਗ ਜੱਥੇਬੰਦਿਆਂ ਅਤੇ ਸਿੱਖ ਜਥੇਬੰਦੀਆਂ ਸੋਨੀ ਖਿਲਾਫ਼ ਮਾਮਲਾ ਦਰਜ਼ ਕਰਨ ਅਤੇ ਉਸ ਨੂੰ ਗਿਰਫ੍ਤਾਰ ਕਰਨ ਦੀ ਮੰਗ ਨੂੰ ਲੈ ਕੇ ਕੱਲ ਤੋਂ ਲਗਾਤਾਰ ਐਸਐਸਪੀ ਦਫਤਰ ਦੇ ਬਾਹਰ ਧਰਨੇ ਤੇ ਸਨ। ਜਿਸ ਤੋਂ ਬਾਅਦ ਪੁਲਿਸ ਵੱਲੋ ਜ਼ਿਲਾ ਅਟਾਰਨੀ ਦੀ ਰਾਏ ਲੈਣ ਤੋਂ ਬਾਅਦ ਇਹ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਸੋਨੀ ਖਿਲਾਫ਼ ਆਈਪੀਸੀ ਦੀ ਧਾਰਾ 295-ਏ, 504 ਅਤੇ 505 ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਜਿਸ ਦੀ ਸ਼ਿਕਾਇਤ ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਤਿਬੱੜੀ ਵੱਲੋਂ ਕੀਤੀ ਗਈ ਸੀ। ਮਾਮਲਾ ਦਰਜ਼ ਹੋੋਣ ਤੋ ਬਾਅਦ ਸਿੱਖ ਜੱਥੇਬੰਦੀਆ ਵੱਲੋਂ ਧਰਨਾ ਚੁੱਕ ਲਿਆ ਗਿਆ ਹੈ, ਜਿਸ ਦੀ ਪੁਸ਼ਟੀ ਲਖਵਿੰਦਰ ਸਿੰਘ ਪਿੰਡ ਆਦੀ ਵੱਲੋਂ ਕੀਤੀ ਗਈ।

ਦੱਸਣਯੋਗ ਹੈ ਕਿ ਕੱਲ ਹੀ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਵੱਲੋਂ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਗਿਆ ਸੀ ਕਿ ਪਾਰਟੀ ਦੇ ਕੌਮੀ ਪ੍ਰਧਾਨ ਊਧਵ ਠਾਕਰੇ ਅਤੇ ਯੁਵਾ ਸੈਨਾ ਦੇ ਕੌਮੀ ਪ੍ਰਧਾਨ ਆਦਿਤਿਆ ਠਾਕਰੇ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਾਰਟੀ ਦੇ ਕੌਮੀ ਸਕੱਤਰ ਤੇ ਸੂਬਾਈ ਐਮ.ਪੀ. ਅਨਿਲ ਦੇਸਾਈ, ਹਰਵਿੰਦਰ ਸਿੰਘ ਸੋਨੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਦ ਪੰਜਾਬ ਵਾਇਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਸੋਨੀ ਕੋਲ ਪਹਿਲ੍ਹਾਂ ਵੀ ਕੋਈ ਔਹਦਾ ਨਹੀਂ ਸੀ ਅਤੇ ਉਨ੍ਹਾਂ ਵੱਲੋਂ ਪਾਰਟੀ ਹਾਈਕਮਾਨ ਨੂੰ ਪੂਰੀ ਸਥਿਤੀ ਤੋਂ ਜਾਨੂੰ ਕਰਵਾਇਆ ਗਿਆ ਜਿਸ ਤੋਂ ਬਾਅਦ ਪਾਰਟੀ ਆਲਾਕਮਾਨ ਦੇ ਨਿਰਦੇਸ਼ਾ ਤੇ ਇਹ ਪੱਤਰ ਜਾਰੀ ਕੀਤਾ ਗਿਆ ਸੀ। ਹਾਲਾਕਿ ਸੋਨੀ ਦਾ ਕਹਿਣਾ ਸੀ ਕਿ ਉਹ ਗਲਤ ਕਹਿ ਰਹੇ ਹਨ ਅਤੇ ਉਹਨਾਂ ਕੋਲ ਕੋਈ ਪਾਵਰ ਨਹੀਂ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਹੀ ਹਰਵਿੰਦਰ ਸੋਨੀ ਨੇ ਬਿਆਨ ਜਾਰੀ ਕਰਕੇ ਇਸ ਮਾਮਲੇ ਲਈ ਜਨਤਕ ਤੌਰ ‘ਤੇ ਮੁਆਫੀ ਮੰਗੀ ਸੀ। ਉਸ ਦਾ ਕਹਿਣਾ ਹੈ ਕਿ ਬੰਦ ਦੌਰਾਨ ਉਕਤ ਵਿਵਾਦਤ ਬਿਆਨ ਗਲਤੀ ਨਾਲ ਉਸ ਦੇ ਪਾਸਿਓਂ ਨਿਕਲ ਗਿਆ ਸੀ। ਉਨ੍ਹਾਂ ਨੂੰ ਖੁਦ ਸ੍ਰੀ ਦਰਬਾਰ ਸਾਹਿਬ ‘ਤੇ ਪੂਰਾ ਭਰੋਸਾ ਹੈ। ਉਹ ਗਲਤੀ ਨਾਲ ਦਿੱਤੇ ਗਏ ਆਪਣੇ ਬਿਆਨ ਲਈ ਸਾਰਿਆਂ ਤੋਂ ਮੁਆਫੀ ਮੰਗਦਾ ਹੈ।

Exit mobile version