ਟੀ. ਐਨ. ਸੀ. ਨੇ ਸਾਈਕਲ ਰੈਲੀ ਰਾਹੀਂ ਦਿੱਤਾ ਨੋ ਬਰਨ ਖੇਤੀ ਅਪਨਾਉਣ ਦਾ ਸੰਦੇਸ਼

ਗੁਰਦਾਸਪੁਰ ਜਿਲ੍ਹੇ ਵਿਚ ਟੀ. ਐਨ. ਸੀ. ਦੀ ਸਾਰਥਕ ਪਹਿਲਕਦਮੀ

ਗੁਰਦਾਸਪੁਰ, 12 ਨਵੰਬਰ (ਦੀ ਪੰਜਾਬ ਵਾਇਰ)। ਵਾਤਾਵਰਣ ਸੰਭਾਲ ਲਈ ਵਿਸ਼ਵ ਦੇ 70 ਦੇਸ਼ਾਂ ਵਿਚ ਕੰਮ ਕਰ ਰਹੀ ਦਾ ਨੇਚਰ ਕੰਜਰਵੈਸੀ (ਟੀ. ਐਨ. ਸੀ.) ਵਲੋਂ ਪੰਜਾਬ ਵਿਚ ਚਲਾਏ ਜਾ ਰਹੇ ਪ੍ਰਾਜੈਕਟ ਪ੍ਰਮੋਟਿੰਗ ਰੀਜੈਨਰੇਟਿਵ ਐਂਡ ਨੋ ਬਰਨ ਐਗਰੀਕਲਚਰ (ਪ੍ਰਾਣਾ) ਤਹਿਤ ਜਿਲ੍ਹੇ ਅੰਦਰ ਅੱਜ ਸਾਈਕਲ ਜਾਗਰੂਕਤਾ ਰੈਲੀ ਦਾ ਆਯੋਜਨ ਕਰਕੇ ਫਸਲੀ ਰਹਿੰਦ ਖੂੰਹਦ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ।

ਸਾਈਕਲ ਰੈਲੀ ਜਰੀਏ ਗੁਰਦਾਸਪੁਰ ਸਾਇਕਲ ਕਲੱਬ ਦੇ ਮੈਂਬਰ ਅਸ਼ਵਨੀ ਸ਼ਰਮਾਂ, ਵਿਕਾਸ ਸ਼ਰਮਾ, ਰਾਕੇਸ਼, ਰਿਸ਼ੀ, ਮਧੂ, ਸੰਨੀ, ਕਰਨ ਅਤੇ ਹੋਰ ਸਾਈਕਲ ਸਵਾਰਾਂ ਨੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ, ਘੱਟ ਪਾਣੀ ਵਾਲੀਆਂ ਫਸਲਾਂ ਬੀਜਣ ਦਾ ਸੰਦੇਸ਼ ਦਿੱਤਾ।

ਅੱਜ ਸਵੇਰੇ ਸਾਈਕਲ ਜਾਗਰੂਕਤਾ ਰੈਲੀ ਨੂੰ ਗੁਰਦਾਸਪੁਰ ਸ਼ਹਿਰ ਦੇ ਭਗਵਾਨ ਪਰਸ਼ੂ ਰਾਮ ਚੌਂਕ ਤੋਂ ਡਿਪਟੀ ਮੈਡੀਕਲ ਕਮਿਸ਼ਨਰ ਗੁਰਦਾਸਪੁਰ ਡਾ ਰੋਮੀ ਮਹਾਜਨ ਅਤੇ ਜ਼ਿਲ੍ਹਾ ਗਾਈਡੈਂਸ ਕਾਊਸਲਰ-ਕਮ- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨੋਡਲ ਅਫ਼ਸਰ ਪਰਮਿੰਦਰ ਸਿੰਘ ਸੈਣੀ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਸਾਈਕਲ ਰੈਲੀ ਜਿਲ੍ਹੇ ਦੇ ਪਿੰਡ ਨੂਰਪੁਰ, ਗਜ਼ਨੀਪੁਰ, ਤਤਲੋਂ ਤੋਂ ਹੁੰਦੀ ਹੋਈ ਜੌੜਾ ਛੱਤਰਾਂ ਵਿਖੇ ਸੰਪੰਨ ਹੋਈ। ਸਾਈਕਲ ਸਵਾਰਾਂ ਦੇ ਨਾਲ ਚੱਲ ਰਹੇ ਵਾਹਨ ਵਿਚ ਚਲ ਰਹੇ ਗੀਤ ਜਰੀਏ ਵਾਤਾਵਰਣ ਸੰਭਾਲ ਦੇ ਨਾਲ-ਨਾਲ ਨਵਾਂ ਪੰਜਾਬ ਬਣਾਉਣ ਦਾ ਸੰਕਲਪ ਲਿਆ ਗਿਆ ਗਿਆ। ਸਾਈਕਲ ਰੈਲੀ ਦੀ ਸਮਾਪਤੀ ’ਤੇ ਰੈਲੀ ’ਚ ਹਿੱਸਾ ਲੈਣ ਵਾਲਿਆਂ ਨੂੰ ਪਿੰਡ ਜੌੜਾ ਛੱਤਰਾਂ ਦੀ ਸਰਪੰਚ ਜਸਵੰਤ ਕੌਰ ਅਤੇ ਲਾਡੀ ਸਿੰਘ ਨੇ ਟੀ. ਐਨ. ਸੀ. ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਟੀ. ਐਨ. ਸੀ. ਦੇ ਪ੍ਰਾਜੈਕਟ ਨਿਰਦੇਸ਼ਕ ਡਾ. ਗੁਰੂ ਕੋਪਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਨੂੰ ਟਿਕਾਊ, ਲਾਭਕਾਰੀ ਅਤੇ ਮੁੜ ਸੁਰਜੀਤੀ ਖੇਤੀਬਾੜੀ ਵੱਲ ਕਦਮ ਵਧਾਉਣਾ ਹੋਵੇਗਾ। ਫਸਲੀ ਰਹਿੰਦ ਖੂੰਹਦ ਪ੍ਰਬੰਧਨ ਬਹੁਤ ਜਰੂਰੀ ਹੈ। ਫਸਲੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਬਹੁਤ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸਦੇ ਆਗਾਮੀ ਨਤੀਜਿਆਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਫਸਲੀ ਰਹਿੰਦ ਖੂੰਹਦ ਨੂੰ ਮਿੱਟੀ ਵਿਚ ਮਿਲਾਉਣ ਦੇ ਕਈ ਲਾਭ ਹਨ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧੀ ਹੈ ਅਤੇ ਪ੍ਰਾਣਾ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਬਿਨ੍ਹਾਂ ਸਾੜਨ ਵਾਲੀ ਖੇਤੀ ਨਾਲ ਜੋੜਨਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਦੇ ਹੋਏ ਘੱਟ ਪਾਣੀ ਵਾਲੀਆਂ ਫਸਲਾਂ ਦੀ ਪੈਦਾਵਾਰ ਵਧਾਉਣਾ ਹੈ।

ਦਾ ਨੇਚਰ ਕੰਜਰਵੈਸੀ ਨੇ ਪੰਜਾਬ ਵਿਚ ਪ੍ਰੋਜੈਕਟ ਪ੍ਰਾਣਾ ਲਾਂਚ ਕੀਤਾ ਹੈ। ਪ੍ਰਾਣਾ ਫਸਲੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਣ ਅਤੇ ਕਾਰਬਨ ਨਿਕਾਸੀ ਨੂੰ ਘੱਟ ਕਰਨ ਦੀ ਚਾਰ ਸਾਲੀ ਯੋਜਨਾ ਹੈ। ਇਸ ਯੋਜਨਾ ਜਰੀਏ ਟੀ. ਐਨ. ਸੀ. ਸੀ.ਆਰ.ਐਮ. ਬਾਰੇ ਵਿਚ ਦੱਸਦੇ ਹੋਏ ਪੰਜਾਬ ਦੇ 12 ਜਿਲ੍ਹਿਆਂ ਵਿਚ ਕਿਸਾਨਾਂ ਦੇ ਨਾਲ ਮਿਲ ਕੇ ਕਿਸਾਨਾਂ ਨੂੰ ਖੇਤਾਂ ਵਿਚ ਹੀ ਫਸਲੀ ਰਹਿੰਦ ਖੂੰਹਦ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਸਾਈਕਲ ਰੈਲੀ ਦਾ ਆਯੋਜਨ ਕਰ ਰਹੀ ਹੈ। ਇਸ ਤੋਂ ਪਹਿਲਾਂ ਟੀ.ਐਨ.ਸੀ. ਵਲੋਂ ਇਨ੍ਹਾਂ 12 ਜਿਲ੍ਹਿਆਂ ਵਿਚ ਜਾਗਰੂਕਤਾ ਅਭਿਆਨ ਲਈ ਮੋਬਾਈਲ ਵੈਨ ਵੀ ਚਲਾਈ ਗਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਲਉਸ਼ਨ ਕੰਨਸਲਟੈਂਟ ਤੋਂ ਰਾਕੇਸ਼ ਕੁਮਾਰ, ਰਵੀ ਕੁਮਾਰ, ਅਮਿਤ ਮਹਿਰਾ, ਰਾਜੀਵ ਤੁੱਲੀ, ਸੰਦੀਪ ਕੁਮਾਰ, ਗੁਰਵਿੰਦਰ ਕੁਮਾਰ ਅਤੇ ਅਮਨਦੀਪ ਮੌਟਨ ਅਤੇ ਟੀਐਨਸੀ ਦੇ ਗੁਰਦਾਸਪੁਰ ਤੋਂ ਜਿਲ੍ਹਾ ਕੁਆਡਿਨੇਟਰ ਆਦਿ ਕਈ ਪਤਵੰਤੇ ਮੌਜੂਦ ਸਨ।

Exit mobile version