ਗੁਰਦਾਸਪੁਰ- ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਸਿੱਖਿਆ ਵਿਭਾਗ ਦੇ ਦੋ ਅਧਿਕਾਰੀਆਂ ਸਣੇ ਦੋ ਹੋਰ ਵਿਅਕਤੀਆਂ ਨੂੰ ਕੀਤਾ ਗਿ੍ਰਫਤਾਰ

vigilance

ਫਰਜ਼ੀ ਬਿੱਲਾਂ ਰਾਹੀਂ ਸੇਵਾਵਾਂ ਹਾਸਲ ਕਰਨ ਲਈ 10 ਲੱਖ ਰੁਪਏ ਦਾ ਕੀਤਾ ਗਬਨ

ਗੁਰਦਾਸਪੁਰ, 1 ਨਵੰਬਰ 2022 (ਮੰਨਣ ਸੈਣੀ)। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚੱਲ ਰਹੀ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿੱਖਿਆ ਵਿਭਾਗ ਦੇ ਦੋ ਅਧਿਕਾਰੀਆਂ ਸਮੇਤ ਦੋ ਨਿੱਜੀ ਵਿਅਕਤੀਆਂ ਨੂੰ ਰਾਸ਼ਟਰੀ ਮਾਧਿਅਮਿਕ ਸਿੱਖਿਆ ਅਭਿਆਨ (ਆਰਐਮਐਸਏ) ਤਹਿਤ ਪ੍ਰਾਪਤ ਹੋਏ 10,01,120 ਰੁਪਏ ਦੇ ਫੰਡਾਂ ਦਾ ਗਬਨ ਕਰਨ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਉਕਤ ਮਾਮਲੇ ਦੇ ਸਬੰਧ ਵਿਚ ਰਾਕੇਸ਼ ਗੁਪਤਾ, ਪ੍ਰਿੰਸੀਪਲ ਸਰਕਾਰੀ ਇਨ-ਸਰਵਿਸ ਟਰੇਨਿੰਗ ਸੈਂਟਰ ਗੁਰਦਾਸਪੁਰ, ਹੁਣ ਪ੍ਰਿੰਸੀਪਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਗੋਵਾਲ, ਗੁਰਦਾਸਪੁਰ, ਰਾਮਪਾਲ, ਲੈਕਚਰਾਰ, ਸਰਕਾਰੀ ਇਨ-ਸਰਵਿਸ ਸਿਖਲਾਈ ਕੇਂਦਰ ਗੁਰਦਾਸਪੁਰ, ਹੁਣ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥਲੋਰ, ਜ਼ਿਲਾ ਪਠਾਨਕੋਟ, ਵਿਖੇ ਤਾਇਨਾਤ , ਕਿ੍ਰਸ਼ਨਾ ਟੈਂਟ ਹਾਊਸ ਦੇ ਮਾਲਕ ਜਤਿੰਦਰ ਕੁਮਾਰ ਅਤੇ ਸਿਗਮਾ ਡੈਕੋਰੇਟ ਨਾਂ ਦੀ ਫਰਮ ਦੇ ਮਾਲਕ, ਤਾਰਾਗੜ ਦੇ ਮੁਕੇਸ਼ ਮਹਾਜਨ ਵਿਰੁੱਧ ਐਫਆਈਆਰ 14, ਮਿਤੀ 01-11-2022 ਨੂੰ ਆਈਪੀਸੀ ਦੀ ਧਾਰਾ 409, 420, 467, 468, 471, 120-ਬੀ ਤਹਿਤ ਈ.ਓ.ਡਬਲਯੂ ਵਿੰਗ, ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ।

ਉਨਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਇਨ-ਸਰਵਿਸ ਟਰੇਨਿੰਗ ਸੈਂਟਰ ਗੁਰਦਾਸਪੁਰ ਨੂੰ ਸਿਖਲਾਈ ਲਈ ਰਮਸਾ ਸਕੀਮ ਅਧੀਨ ਉਕਤ ਗ੍ਰਾਂਟ ਪ੍ਰਾਪਤ ਹੋਈ ਸੀ। ਉਕਤ ਸਕੀਮ ਤਹਿਤ ਰਾਕੇਸ਼ ਗੁਪਤਾ, ਪ੍ਰਿੰਸੀਪਲ ਅਤੇ ਲੈਕਚਰਾਰ ਰਾਮਪਾਲ ਨੇ ਹੋਰਨਾਂ ਨਾਲ ਮਿਲ ਕੇ ਫੰਡ ਹੜੱਪਣ ਲਈ ਫਰਜੀ ਫਰਮਾਂ ਦੇ ਜਾਅਲੀ ਬਿੱਲ ਤਿਆਰ ਕੀਤੇ। ਦੋਸ਼ੀਆਂ ਨੇ ਸਰਕਾਰੀ ਪੈਸੇ ਨੂੰ ਆਪਣੇ ਨਿੱਜੀ ਬੈਂਕ ਖਾਤੇ ਵਿੱਚ ਟਰਾਂਸਫਰ ਕਰਕੇ ਅਤੇ ਵੱਖ-ਵੱਖ ਤਰਾਂ ਦੀਆਂ ਸੇਵਾਵਾਂ, ਕੁਰਸੀਆਂ, ਮੇਜ, ਟੈਂਟ ਅਤੇ ਹੋਰ ਕਿਰਾਏ ‘ਤੇ ਲੈਣ ਲਈ ਜਾਰੀ ਕੀਤੇ ਕੁੱਲ 10,01,120 ਰੁਪਏ ਦੇ ਫੰਡਾਂ ਦਾ ਗਬਨ ਕਰਕੇ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਇਆ।

ਉਨਾਂ ਦੱਸਿਆ ਕਿ ਇਸ ਜਾਂਚ ਪੜਤਾਲ ਦੇ ਆਧਾਰ ‘ਤੇ ਇਹ ਪਾਇਆ ਗਿਆ ਕਿ ਉਕਤ ਦੋਸ਼ੀਆਂ ਨੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ। ਇਸ ਸਬੰਧੀ ਬਿਊਰੋ ਨੇ ਉਕਤ ਸਾਰੇ ਮੁਲਜਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Exit mobile version