ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਾ ਦਿਵਾਉਣ ਲਈ ‘ਆਪ’ ਸਰਕਾਰ ਨੂੰ ਸ਼ਰਮ ਨਾਲ ਸਿਰ ਝੁਕਾ ਲੈਣਾ ਚਾਹੀਦਾ: ਬਾਜਵਾ

‘ਆਪ’ ਸਰਕਾਰ ਪੰਜਾਬ ਵਾਸੀਆਂ ਨੂੰ ਸੁਰੱਖਿਆ ਦੀ ਭਾਵਨਾ ਪ੍ਰਦਾਨ ਕਰਨ ‘ਚ ਬੁਰੀ ਤਰ੍ਹਾਂ ਅਸਫਲ ਰਹੀ ਹੈ ।

ਚੰਡੀਗੜ੍ਹ, 31 ਅਕਤੂਬਰ (ਮੰਨਣ ਸੈਣੀ)। ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਤਲ ਕੀਤੇ ਗਏ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ, ਅਤੇ ਨਾਲ ਹੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ “ਸਿੱਧੂ ਮੂਸੇ ਵਾਲਾ” ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਪੰਜ ਮਹੀਨੇ ਬੀਤ ਜਾਣ ਬਾਅਦ ਵੀ ਇਨਸਾਫ਼ ਨਾ ਦਿਵਾਉਣ ‘ਤੇ ਝਾੜ ਪਾਈ ।

ਬਾਜਵਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗੈਂਗਸਟਰਾਂ ਨਾਲ ਨਜਿੱਠਣ ਵਿੱਚ ਇੰਨੀ ਬੇਵੱਸ ਹੋਣ ਕਾਰਨ ਸ਼ਰਮ ਨਾਲ ਸਿਰ ਝੁਕਾਉਣਾ ਚਾਹੀਦਾ ਹੈ। ਬਾਜਵਾ ਨੇ ਇਹ ਸ਼ਬਦ ਬਲਕੌਰ ਸਿੰਘ ਦੀ ਉਸ ਵੀਡੀਓ ਤੋਂ ਬਾਅਦ ਕਹੇ, ਜਿਸ ਵਿਚ ਉਸ ਨੂੰ ਇੱਕ ਮਹੀਨੇ ਦੇ ਅੰਦਰ ਇਨਸਾਫ਼ ਨਾ ਮਿਲਣ ‘ਤੇ ਐੱਫ ਆਈ ਆਰ ਵਾਪਸ ਲੈਣ ਅਤੇ ਦੇਸ਼ ਛੱਡਣ ਦਾ ਬਿਆਨ ਦਿੰਦੇ ਸੁਣਿਆ ਜਾ ਸਕਦਾ ਹੈ । “ਇਹ ਜਾਣ ਕੇ ਬਹੁਤ ਨਿਰਾਸ਼ਾ ਹੋਈ ਕਿ ਬਲਕੌਰ ਸਿੰਘ ਨੇ ਪੁਲਿਸ ਦੇ ਇਸ ਕੇਸ ਨਾਲ ਨਜਿੱਠਣ ਦੇ ਤਰੀਕੇ ਨਾਲ ਅਸੰਤੁਸ਼ਟੀ ਪ੍ਰਗਟ ਕੀਤੀ ਹੈ, ਇਸ ਲਈ ਉਸ ਨੇ ਦੇਸ਼ ਛੱਡਣ ਦਾ ਆਖਿਆ ਹੈ । ਜੇਕਰ ਅਜਿਹੇ ਨਾਮਵਰ ਗਾਇਕ ਦਾ ਪਰਿਵਾਰ ‘ਆਪ’ ਸਰਕਾਰ ਅਧੀਨ ਪੁਲਿਸ ਦੇ ਕੰਮਕਾਜ ਤੋਂ ਅਸੰਤੁਸ਼ਟ ਹੈ ਤਾਂ ਆਮ ਨਾਗਰਿਕਾਂ ਦਾ ਕੀ ਹਾਲ ਹੋਵੇਗਾ”, ਬਾਜਵਾ ਨੇ ਸਵਾਲ ਕੀਤਾ ?

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਸੱਤ ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸਭ ਤੋਂ ਨਿੱਘਰ ਚੁੱਕੀ ਹੈ। ਇਸ ਸਾਲ ਜੁਲਾਈ ਵਾਲੀ ਜਾਰੀ ਵੀਡੀਓ, ਜਿਸ ਵਿੱਚ ਬਿਸ਼ਨੋਈ ਗਿਰੋਹ ਦੇ ਮੈਂਬਰ ਮੋਹਿਤ ਭਾਰਦਵਾਜ ਨੂੰ ਚੰਡੀਗੜ੍ਹ ਦੇ ਇੱਕ ਕਲੱਬ ਵਿੱਚ ਗ੍ਰਿਫਤਾਰ ਸੀਆਈਏ ਇੰਸਪੈਕਟਰ ਪ੍ਰਿਤਪਾਲ ਸਿੰਘ ਨਾਲ ਪਾਰਟੀ ਕਰਦੇ ਦੇਖਿਆ ਜਾ ਸਕਦਾ ਹੈ, ਤੋਂ ਬਾਅਦ ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਦੇ ਅਧੀਨ ਪੁਲਿਸ ਅਤੇ ਅਪਰਾਧੀਆਂ ਵਿੱਚ ਡੂੰਘੇ ਗੱਠਜੋੜ ਹਨ । ਬਾਜਵਾ ਨੇ ਕਿਹਾ “ਆਪ ਸਰਕਾਰ ਪੰਜਾਬ ਦੇ ਵਸਨੀਕਾਂ ਨੂੰ ਸੁਰੱਖਿਆਂ ਪ੍ਰਦਾਨ ਕਰਨ ਵਿੱਚ ਬੁਰੀ ਤਰਾਂ ਅਸਫ਼ਲ ਰਹੀ ਹੈ” ।

Exit mobile version