ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣਾ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੇ ਬਰਾਬਰ – ਡਿਪਟੀ ਕਮਿਸ਼ਨਰ  

ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਵੱਧਦੀ ਹੈ ਜਮੀਨ ਦੀ ਉਪਜਾਉ ਸ਼ਕਤੀ

ਗੁਰਦਾਸਪੁਰ, 27 ਅਕਤੂਬਰ ( ਮੰਨਣ ਸੈਣੀ)। ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣਾ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੇ ਬਰਾਬਰ ਹੈ। ਅਜਿਹੇ ਕਰਕੇ ਕਿਸਾਨ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਨ ਦਾ ਖੁਦ ਹੀ ਨੁਕਸਾਨ ਕਰ ਰਹੇ ਹਨ ਜਿਸਦੀ ਭਰਪਾਈ ਨਹੀਂ ਹੋ ਸਕਦੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕੀਤਾ ਹੈ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ, ਜਮੀਨ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਕਰਨ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਜਮੀਨ ਦੀ ਉਪਜਾਉ ਸ਼ਕਤੀ ਵੱਧਦੀ ਹੈ ਅਤੇ ਖਾਦਾਂ ਵੀ ਘੱਟ ਪਾਉਣ ਦੀ ਲੋੜ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਏਕੜ ਵਿਚ ਝੋਨੇ ਦੀ ਫਸਲ ਤੋਂ ਤਕਰੀਬਨ ਢਾਈ ਤੋਂ ਤਿੰਨ ਟਨ ਪਰਾਲੀ ਪੈਦਾ ਹੁੰਦੀ ਹੈ ਅਤੇ ਇੱਕ ਟਨ ਪਰਾਲੀ ਸਾੜਨ ਨਾਲ ਅਸੀ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸਨ, 2.5 ਕਿਲੋ ਪੋਟਾਸ਼ ਅਤੇ 12 ਕਿਲੋ ਸਲਫਰ ਦਾ ਨੁਕਸਾਨ ਕਰਦੇ ਹਾਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ  ਉਡਨ ਦਸਤੇ ਵੀ ਬਣਾਏ ਗਏ ਹਨ ਜੋ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਉੱਪਰ ਖੇਤੀ ਸੰਦ ਵੀ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਕਿਸਾਨ ਪਰਾਲੀ ਦਾ ਨਿਪਟਾਰਾ ਅਸਾਨੀ ਨਾਲ ਕਰ ਸਕਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਬਿਲਕੁਲ ਅੱਗ ਨਾ ਲਗਾਉਣ ਤਾਂ ਜੋ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਿਆ ਰਹੇ।

Exit mobile version