ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਲਈ  ਸਿਹਤ ਵਿਭਾਗ ਵਿਸ਼ੇਸ਼ ਚੌਕਸੀ ਵਰਤੇ : ਡਿਪਟੀ ਕਮਿਸ਼ਨਰ

ਡੇਂਗੂ ਲਾਰਵੇ ਦੀ ਚੈਕਿੰਗ, ਫਾਗਿੰਗ ਕਰਨ ਅਤੇ ਲੋਕਾਂ ਨੂੰ ਇਸ ਬਾਬਤ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ

ਗੁਰਦਾਸਪੁਰ, 12 ਅਕਤੂਬਰ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਮੌਜੂਦਾ ਨਮੀ ਅਤੇ ਬਾਰਿਸ਼ ਦੇ ਮੌਸਮ ਕਰਕੇ ਮੱਛਰਾਂ ਦੀ ਤਾਦਾਦ ਵਿੱਚ ਵਾਧੇ ਦੇ ਆਸਾਰ ਹੋਣ ਕਾਰਨ ਡੇਂਗੂ ਬੁਖ਼ਾਰ ਦੇ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ, ਇਸ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਅਹਿਤਿਆਤ ਵਰਤੀ ਜਾਵੇ।

ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਸਬੰਧੀ ਜ਼ਿਲ੍ਹਾ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਘਰਾਂ, ਦਫ਼ਤਰਾਂ ਜਾਂ ਕਾਰੋਬਾਰੀ ਥਾਵਾਂ ’ਤੇ ਡੇਂਗੂ ਮੱਛਰ ਦਾ ਲਾਰਵਾ ਮਿਲਦਾ ਹੈ, ਉਸਦਾ ਚਲਾਨ ਕੱਟਿਆ ਜਾਵੇ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਡੇਂਗੂ ਬਿਮਾਰੀ ਤੋਂ ਬਚਾਅ ਲਈ ਡੇਂਗੂ ਲਾਰਵੇ ਦੀ ਚੈਕਿੰਗ ਤੇਜ਼ ਕਰਨ, ਫਾਗਿੰਗ ਕਰਨ ਅਤੇ ਲੋਕਾਂ ਨੂੰ ਇਸ ਬਾਬਤ ਜਾਗਰੂਕ ਕਰਨ ਲਈ ਮੁਹਿੰਮ ਤੇਜ਼ ਕਰਨ ਦੀ ਹਦਾਇਤ ਵੀ ਕੀਤੀ।

ਉਨ੍ਹਾਂ ਕਿਹਾ ਕਿ ਸਰਕਾਰੀ ਸਿਵਲ ਹਸਪਤਾਲ ਗੁਰਦਾਸਪੁਰ ਤੇ ਬਟਾਲਾ ਵਿਖੇ ਡੇਂਗੂ ਦੇ ਟੈਸਟ ਮੁਫ਼ਤ ਹੁੰਦੇ ਹਨ, ਇਸ ਲਈ ਲੋਕ ਅਣਗਹਿਲੀ ਬਿਲਕੁਲ ਨਾ ਕਰਨ ਅਤੇ ਬੁਖ਼ਾਰ ਹੋਣ ਦੀ ਸੂਰਤ ਵਿੱਚ ਤੁਰੰਤ ਡੇਂਗੂ ਦਾ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਦੀ ਪੈਦਾਵਾਰ ਰੋਕਣ ਲਈ ਪੰਚਾਇਤਾਂ, ਸਥਾਨਕ ਸਰਕਾਰਾਂ, ਸਿਹਤ ਵਿਭਾਗ ਅਤੇ ਆਮ ਲੋਕਾਂ ਦੇ ਸਾਂਝੇ ਹੰਭਲੇ ਦੀ ਜਰੂਰਤ ਹੈ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਡਰਾਈ ਡੇਅ ਤਹਿਤ ਆਪਣੇ ਘਰਾਂ ਤੇ ਕਾਰੋਬਾਰੀ ਥਾਵਾਂ ’ਤੇ ਕੂਲਰਾਂ, ਫਰਿੱਜਾਂ ਦੀ ਟਰੇਆਂ, ਗਮਲਿਆਂ ਆਦਿ ਨੂੰ ਸੁਕਾਉਣ ਤਾਂ ਜੋ ਡੇਂਗੂ ਮੱਛਰ ਐਡੀਜ ਦੀ ਪੈਦਾਵਾਰ ਰੋਕੀ ਜਾ ਸਕੇ। ਇਸਤੋਂ ਇਲਾਵਾ ਮੱਛਰ ਤੋਂ ਬਚਣ ਦੇ ਵੱਖ-ਵੱਖ ਉਪਾਅ ਕੀਤੇ ਜਾਣ।

ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਮਲੇਰੀਆ, ਚਿਕਨਗੁਨੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

Exit mobile version