ਮਨਿਸਟਕੀਅਸ ਸਰਵਿਸਿਜ਼ ਯੂਨੀਅਨ ਵੱਲੋਂ ਦੂਜੇ ਦਿਨ ਵੀ ਕੰਮਕਾਜ ਰੱਖਿਆ ਗਿਆ ਠੱਪ

ਗੁਰਦਾਸਪੁਰ, 11 ਅਕਤੂਬਰ (ਮੰਨਣ ਸੈਣੀ)। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾਈ ਕਮੇਟੀ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ 10 ਤੋਂ 15 ਅਕਤੂਬਰ ਤੱਕ ਦਫ਼ਤਰਾਂ ਦਾ ਕੰਮ-ਕਾਜ ਠੱਪ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਮੰਗਲਵਾਰ ਨੂੰ ਦੂਜੇ ਦਿਨ ਵੀ ਕੰਮ ਠੱਪ ਰਿਹਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸਾਵਨ ਸਿੰਘ, ਜਨਰਲ ਸਕੱਤਰ ਰਾਜਵੀਰ ਸਿੰਘ ਰੰਧਾਵਾ, ਵਿੱਤ ਸਕੱਤਰ ਮੈਨੂਅਲ ਨਾਹਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ‘ਚ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਪਰ ਇਸ ਦੇ ਬਾਵਜੂਦ ਨਾ ਤਾਂ ਸਰਕਾਰ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਦੇ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ।

ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਹੀ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਨਾ ਕਰਵਾਈ ਗਈ ਤਾਂ ਪੰਜਾਬ ਭਰ ਦੇ ਵਰਕਰ ਸੰਘਰਸ਼ ਤੇਜ਼ ਕਰਨਗੇ। ਜ਼ਿਕਰਯੋਗ ਹੈ ਕਿ ਖਜ਼ਾਨਾ ਦਫ਼ਤਰ, ਲੋਕ ਨਿਰਮਾਣ ਵਿਭਾਗ, ਸਿਵਲ ਸਰਜਨ ਦਫ਼ਤਰ, ਡੀਸੀ ਦਫ਼ਤਰ, ਖੇਤੀਬਾੜੀ ਵਿਭਾਗ, ਡੀਟੀਓ ਦਫ਼ਤਰ, ਨਹਿਰੀ ਵਿਭਾਗ, ਜਲ ਸਪਲਾਈ ਸੈਨੀਟੇਸ਼ਨ, ਮੱਛੀ ਪਾਲਣ ਵਿਭਾਗ ਸਮੇਤ ਹੋਰ ਵਿਭਾਗਾਂ ਦਾ ਕੰਮਕਾਜ ਠੱਪ ਰਿਹਾ। ਕੰਮਕਾਜ ਠੱਪ ਹੋਣ ਕਾਰਨ ਦਫ਼ਤਰਾਂ ਵਿੱਚ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਬਲਜਿੰਦਰ ਸਿੰਘ ਸੈਣੀ, ਸਰਬਜੀਤ ਸੁਲਤਾਨੀ, ਨਰਿੰਦਰ ਸ਼ਰਮਾ, ਦਲਬੀਰ, ਪੁਨੀਤ ਸਾਗਰ, ਪੁਸ਼ਪਿੰਦਰ ਸਿੰਘ, ਸਤਨਾਮ ਸਿੰਘ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।

Exit mobile version