‘ਆਪ’ ਵਿਧਾਇਕਾਂ ਦਾ ਵਿਵਹਾਰ ਬੇਰਹਿਮ ਅਤੇ ਵਿਘਨਕਾਰੀ, ਖ਼ੁਦ ਹੀ ਕਾਨੂੰਨ ਬਣੇ ਫਿਰਦੇ ਹਨ ਆਪ ਵਿਧਾਇਕ : ਪ੍ਰਤਾਪ ਸਿੰਘ ਬਾਜਵਾ

ਬਾਜਵਾ ਨੇ ਕਿਹਾ ਅਜਿਹੇ ‘ਧੋਖੇਬਾਜ਼ ਕਾਨੂੰਨਸਾਜ਼’ ਪੰਜਾਬ ਦੀ ਅਮਨ-ਕਾਨੂੰਨ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ

ਚੰਡੀਗੜ੍ਹ, 23 ਸਤੰਬਰ (ਦਾ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੇ ਵਿਵਹਾਰ ਨੂੰ  ਬੇਰਹਿਮ ਅਤੇ ਵਿਘਨਕਾਰੀ ਕਰਾਰ ਦਿੱਤਾ ਹੈ ਅਤੇ ਕਿਹਾ  ਕਿ ਇਸ ਨਾਲ ਸੂਬੇ ਵਿੱਚ ਅਮਨ-ਕਾਨੂੰਨ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋਣ ਦੀ ਵੀ ਸੰਭਾਵਨਾ ਹੈ । ਬਾਜਵਾ ਨੇ 21 ਸਤੰਬਰ ਅਤੇ 22 ਸਤੰਬਰ ਦੀ ਦਰਮਿਆਨੀ ਰਾਤ ‘ਆਪ’ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਦੇ ਵਤੀਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਧਾਨ ਸਭਾ ਦਾ ਇੱਕ ਚੁਣਿਆ ਹੋਇਆ ਮੈਂਬਰ ਅੱਧੀ ਰਾਤ ਨੂੰ ਪੁਲਿਸ ਅਧਿਕਾਰੀ ਨਾਲ ਹੱਥੋਪਾਈ ਵਿੱਚ ਕਿਵੇਂ ਉਲਝ ਸਕਦਾ ਹੈ ।

ਉਨ੍ਹਾਂ ਕਿਹਾ ਕਿ “ਵਿਧਾਇਕ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਬਜਾਏ ਜਲੰਧਰ ਦਾ ਸਮੁੱਚਾ ਪੁਲਿਸ ਪ੍ਰਸ਼ਾਸਨ ਰਮਨ ਅਰੋੜਾ ਅਤੇ ਉਸਦੇ ਸਮਰੱਥਕਾਂ ਦੀ ਮੱਦਦ ਕਰਨ ਲਈ ਪੱਬਾਂ ਭਾਰ ਹੋ ਰਿਹਾ ਹੈ ।  ਵਿਧਾਇਕਾਂ ਦੇ ਨਾਲ-ਨਾਲ ਪੁਲਿਸ ਅਧਿਕਾਰੀ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਬਜਾਏ ਸਾਰਾ ਪੁਲਿਸ ਸਿਸਟਮ ਦੋਵਾਂ ਵਿਚਾਲੇ ਸਮਝੌਤਾ ਕਰਾਉਣ ਚ ਲੱਗਾ ਰਿਹਾ।  ਬਾਜਵਾ ਨੇ ਕਿਹਾ ਕਿ ਪੁਲਿਸ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਪਰ ਵਿਧਾਇਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ।

ਬਾਜਵਾ ਨੇ ਕਿਹਾ ਕਿ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ (ਪੀ.ਸੀ.ਐੱਮ.ਐੱਸ.) ਦੇ ਡਾਕਟਰਾਂ ਨੇ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦੀ ਧਮਕੀ ਦਿੱਤੀ ਹੈ । ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ, ਜਿਸ ਨੇ ਐਮਰਜੈਂਸੀ ਮੈਡੀਕਲ ਅਫ਼ਸਰ (ਈਐਮਓ) ‘ਤੇ ਦਬਾਅ ਪਾਇਆ ਸੀ, ਇਸ ਦੇ ਰੋਸ ਅਤੇ ਰਾਜਨ ਅੰਗੁਰਾਲ ਖ਼ਿਲਾਫ਼ ਕਾਰਵਾਈ ਕਰਨ ਵਿੱਚ ਅਸਫ਼ਲ ਰਹਿਣ ਦੀ ਸਥਿਤੀ ਵਿੱਚ ਸਟਾਫ਼ ਨੇ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਸੀ ।  

ਡਾਕਟਰ ਹਰਵੀਨ ਕੌਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਰਾਜਨ ਅੰਗੁਰਾਲ ਦੀ ਅਗਵਾਈ ਵਿੱਚ ਰਮਨ ਅਰੋੜਾ ਦੇ ਵੱਡੀ ਗਿਣਤੀ ਸਮੱਰਥਕਾਂ ਨੇ ਐੱਮ.ਐੱਲ.ਆਰ. ਰਿਪੋਰਟ ਮੰਗਵਾਉਣ ਲਈ ਸਿਵਲ ਹਸਪਤਾਲ ਦੀ ਇਮਾਰਤ ਵਿੱਚ ਭੰਨਤੋੜ ਕੀਤੀ । ਹਾਲਾਂਕਿ ਇਹ ਸਭ ਕੁੱਝ ਹੋਣ ਦੇ ਬਾਵਜ਼ੂਦ ਪੁਲਿਸ ਆਪਣੀ ਜ਼ਿੰਮੇਂਵਾਰੀ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਈ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫ਼ਲ ਰਹੀ ਹੈ, “ਬਾਜਵਾ ਨੇ ਕਿਹਾ ਦੂਜੇ ਪਾਸੇ ਡੀਸੀਪੀ ਨਰੇਸ਼ ਡੋਗਰਾ ਨੂੰ ਪਹਿਲਾਂ ਹੀ ਜਲੰਧਰ ਤੋਂ ਹਟਾ ਕੇ ਪੀਏਪੀ ਵਿੱਚ ਬਦਲ ਦਿੱਤਾ ਗਿਆ ਹੈ । “ਇਹ ਵਰਦੀਧਾਰੀ ਪੁਲਿਸ ਵਿੱਚ ਕਿਸ ਤਰ੍ਹਾਂ ਦਾ ਸੰਦੇਸ਼ ਜਾਵੇਗਾ ? ਕੀ ਇਹ ਪੰਜਾਬ ਪੁਲਿਸ ਦੇ ਮਨੋਬਲ ਨੂੰ ਪ੍ਰਭਾਵਿਤ ਨਹੀਂ ਕਰੇਗਾ, ਖ਼ਾਸ ਤੌਰ ‘ਤੇ ਜਦੋਂ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਹੋ ਰਹੇ ਬੇਲਗਾਮ ਅਪਰਾਧਾਂ ਨੂੰ ਰੋਕਣ ਲਈ ਇਸ ਦੀਆਂ ਸੇਵਾਵਾਂ ਬਹੁਤ ਮਹੱਤਵ ਹਨ ।

 ਬਾਜਵਾ ਨੇ ਕਿਹਾ ਪਿਛਲੇ ਮਹੀਨੇ ਹੀ ਸ਼ੀਤਲ ਅੰਗੁਰਾਲ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮਾਂ ਨੂੰ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ਲਾਏ, ਜੋ ਦੋਸ਼ ਉਹ ਕਦੇ ਵੀ ਸਾਬਤ ਨਹੀਂ ਕਰ ਸਕੇ । ਬਾਅਦ ਵਿੱਚ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਫ਼ੈਸਲਾ ਲੈਣ ਮਗਰੋਂ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪਈ । 

ਬਾਜਵਾ ਨੇ ਕਿਹਾ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਦੇ ਅਧੀਨ ਹੈ ਅਤੇ ਉਸਨੇ ਕਈ ਸੀਨੀਅਰ ਅਫਸਰਾਂ ਨੂੰ ਛੱਡ ਕੇ ਗੌਰਵ ਯਾਦਵ ਦੇ ਰੂਪ ਵਿੱਚ ਆਪਣਾ ਡੀਜੀਪੀ ਚੁਣਿਆ ਹੈ। ਬਾਜਵਾ ਨੇ ਸਵਾਲ ਕੀਤਾ ਕਿ ਜੇਕਰ ਇਹ ਦੋਵੇਂ ਆਪਣੀ ਮੁੱਢਲੀ ਡਿਊਟੀ ਨਿਭਾਉਣ ‘ਚ ਨਾਕਾਮ ਰਹੇ ਤਾਂ ਉਹ ਪੰਜਾਬ ‘ਚ ਨਿਰਪੱਖ ਨਿਆਂ ਪ੍ਰਣਾਲੀ ਦੇਣ ਲਈ ਕਿਸ ਤਰ੍ਹਾਂ ਦਾ ਸੰਦੇਸ਼ ਦੇਣਗੇ । 

ਇੱਕ ਹੋਰ ਘਟਨਾ ਵਿੱਚ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਤਨੀ ਬੇਅੰਤ ਕੌਰ ਫ਼ਰੀਦਕੋਟ ਵਿੱਚ ਇੱਕ ਸਮਾਗਮ ਵਿੱਚੋਂ ਵਾਕਆਊਟ ਕਰ ਗਈ ਜਦੋਂ ਉਹ ਵੀਆਈਪੀ ਟਰੀਟਮੈਂਟ ਅਤੇ ਇੱਕ ਪ੍ਰਮੁੱਖ ਸੀਟ ਲੈਣ ਵਿੱਚ ਅਸਫ਼ਲ ਰਹੀ । “ਇਹ ਕਿਹੋ ਜਿਹਾ ਵਿਹਾਰ ਹੈ ? ਇਹੀ ਵਿਧਾਇਕ ਫਰੀਦਕੋਟ ਦੇ ਇੱਕ ਸਾਬਕਾ ਐਸਐਸਪੀ ਨਾਲ ਵੀ ਵਿਵਾਦ ਵਿੱਚ ਘਿਰ ਗਿਆ ਸੀ ਅਤੇ ਬਾਅਦ ਵਿੱਚ ਉਸਦੀ ਬਦਲੀ ਮਲੇਰਕੋਟਲਾ ਕਰ ਦਿੱਤੀ ਗਈ ਸੀ ।

Exit mobile version