ਫ਼ੌਜੀ ਜਵਾਨ ਅਮਰਪਾਲ ਸਿੰਘ ਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ

ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ. ਸਮੇਤ ਹੋਰ ਅਧਿਕਾਰੀ ਫ਼ੌਜੀ ਜਵਾਨ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ

ਫੌਜ ਖਿਲਾਫ ਗਲਤ ਪ੍ਰਾਪੇਗੰਡਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਗੁਰਦਾਸਪੁਰ, 22 ਸਤਬੰਰ (ਮੰਨਣ ਸੈਣੀ)। ਦੀਨਾਨਗਰ ਦੇ ਪਿੰਡ ਵਜ਼ੀਰਪੁਰ ਦੇ ਵਸਨੀਕ 23 ਸਾਲਾ ਸਿਪਾਹੀ ਅਮਰਪਾਲ ਸਿੰਘ, ਜਿਸਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ, ਦਾ ਅੱਜ ਸ਼ਾਮ ਪੂਰੇ ਸਨਮਾਨ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਫ਼ੌਜੀ ਜਵਾਨ ਅਮਰਪਾਲ ਸਿੰਘ ਦੀਆਂ ਅੰਤਿਮ ਰਸਮਾਂ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ, ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਵਿਕਰਮਜੀਤ ਸਿੰਘ ਤੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ।

ਪੀੜਿਤ ਪਰਿਵਾਰ ਨਾਲ ਦੁੱਖ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨ ਅਮਰਪਾਲ ਸਿੰਘ ਦੀ ਬੇਵਕਤੀ ਮੌਤ ਬਹੁਤ ਦੁੱਖਦਾਈ ਹੈ ਅਤੇ ਉਹ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀੜ੍ਹਤ ਪਰਿਵਾਰ ਨਾਲ ਡੂੰਘੀ ਸੰਵੇਦਨਾਂ ਤੇ ਦੁੱਖ ਜ਼ਾਹਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਫੌਜ ਦੇ ਜਵਾਨਾਂ ’ਤੇ ਬਹੁਤ ਮਾਣ ਹੈ ਜੋ ਦੇਸ਼ ਨੂੰ ਦੁਸ਼ਮਣ ਤੋਂ ਮਹਿਫ਼ੂਜ ਰੱਖਣ ਲਈ ਹਰ ਸਮੇਂ ਸਰਹੱਦਾਂ ’ਤੇ ਤਾਇਨਾਤ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਇਸ ਮੌਤ ਨੂੰ ਲੈ ਕੇ ਜਾਣਬੁੱਝ ਕੇ ਭਾਰਤੀ ਫ਼ੌਜ ਖਿਲਾਫ਼ ਗਲਤ ਪ੍ਰਾਪੇਗੰਡਾ ਕਰ ਰਹੇ ਹਨ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਕੁਝ ਲੋਕ ਪੀੜਿਤ ਪਰਿਵਾਰ ਨੂੰ ਵਰਗਲ਼ਾ ਕੇ ਗੁੰਮਰਾਹ ਕਰ ਰਹੇ ਸਨ ਅਤੇ ਉੱਨਾਂ ਵੱਲੋਂ ਧਰਨਾਂ ਵੀ ਲਗਾਇਆ ਗਿਆ ਸੀ, ਪਰ ਬਾਅਦ ਵਿੱਚ ਜ਼ਿ਼ਲ੍ਹਾ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਸਮਝਾਉਣ ਤੋਂ ਬਾਅਦ ਪਰਿਵਾਰ ਵੱਲੋਂ ਸਹਿਮਤੀ ਨਾਲ ਧਰਨਾ ਚੁੱਕ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਫੌਜੀ ਜਵਾਨ ਦੀ ਮੌਤ ’ਤੇ ਬਹੁਤ ਦੁੱਖ ਹੈ ਅਤੇ ਉਹ ਇਸ ਦੁੱਖ ਦੀ ਘੜ੍ਹੀ ਵਿੱਚ ਪੀੜ੍ਹਤ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਜੋ ਸ਼ੰਕੇ ਹਨ ਉਨ੍ਹਾਂ ਨੂੰ ਦੂਰ ਕਰ ਦਿੱਤਾ ਜਾਵੇਗਾ।

Exit mobile version