ਵਿਰੋਧ- ਜੀਓਜੀ ਸਕੀਮ ਨੂੰ ਰੱਦ ਕਰਨ ਦੀ ਕੀਤੀ ਜਾਵੇ ਸਮੀਖਿਆ, ਸਾਰਾਗੜ੍ਹੀ ਸਮਾਗਮ ਵਿੱਚ ਮੰਤਰੀ ਨੂੰ ਕਰਨਾ ਪਿਆ ਵਿਰੋਧ ਦਾ ਸਾਹਮਣਾ

ਜੀਓਜੀ ਅਤੇ ਕਿਸਾਨਾਂ ਨੇ ਸਰਾਰੀ ਦਾ ਸਾੜਿਆ ਪੁਤਲਾ , ਦਿਖਾਏ ਕਾਲੇ ਝੰਡੇ

ਫਿਰੋਜਪੁਰ, 13 ਸਤੰਬਰ (ਦਾ ਪੰਜਾਬ ਵਾਇਰ)। ਇੱਕ ਓਐਸਡੀ ਨਾਲ ਕਥਿਤ ਗੱਲਬਾਤ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੇ ਆਜ਼ਾਦੀ ਘੁਲਾਟੀਆਂ, ਰੱਖਿਆ ਸੇਵਾਵਾਂ ਭਲਾਈ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕੱਲ ਇਤਿਹਾਸਕ ਸਾਰਾਗੜ੍ਹੀ ਮੈਮੋਰੀਅਲ ਵਿੱਚ ਰੱਖੇ ਗਏ ਰਾਜ ਪੱਧਰੀ ਸਮਾਗਮ ਵਿੱਚ ਕਿਸਾਨਾਂ ਅਤੇ ਸਾਬਕਾ ਸੈਨਿਕਾਂ ਦੇ ਵਿਰੋਧ ਦਾ ਸਾਮਣਾ ਕਰਨਾ ਪਿਆ। ਸਰਾਰੀ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨ ਪੁੱਜੇ ਸਨ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨਾਲ ਸਬੰਧਤ ਕਿਸਾਨਾਂ ਅਤੇ ਸਾਬਕਾ ਸੈਨਿਕਾਂ ਨੇ ਉਹਨਾਂ ਦਾ ਰਸਤਾ ਰੋਕ ਲਿਆ ਅਤੇ ਉਸ ਨੂੰ ਯਾਦਗਾਰ ਦੇ ਅੰਦਰ ਨਹੀਂ ਜਾਣ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਸਰਕਾਰੀ ਦੌਰੇ ‘ਤੇ ਵਿਦੇਸ਼ ‘ਚ ਹਨ, ਪਰ ਇਸ ਵਾਰ ‘ਸਾਰਾਗੜ੍ਹੀ ਦੀ ਲੜਾਈ’ ਦੀ 125ਵੀਂ ਵਰ੍ਹੇਗੰਢ ਮੌਕੇ ਕੋਈ ਹੋਰ ਸੀਨੀਅਰ ਕੈਬਨਿਟ ਮੰਤਰੀ ਜਾਂ ਨੌਕਰਸ਼ਾਹ ਸ਼ਾਮਲ ਹੋਣ ਲਈ ਨਹੀਂ ਆਏ ਅਤੇ ਸਰਾਰੀ ਦੇ ਨਾਲ ਫਿਰੋਜ਼ਪੁਰ ਸ਼ਹਿਰੀ ਅਤੇ ਦਿਹਾਤੀ ਹਲਕਿਆਂ ਦੇ ਕ੍ਰਮਵਾਰ ਵਿਧਾਇਕ ਰਜਨੀਸ਼ ਦਹੀਆ ਅਤੇ ਰਣਬੀਰ ਭੁੱਲਰ ਮੌਜੂਦ ਸਨ। ਬਾਅਦ ਵਿੱਚ, ਪੁਲਿਸ ਸੁਰੱਖਿਆ ਦੇ ਨਾਲ, ਸਰਾਰੀ ਨੂੰ ਸਮਾਗਮ ਵਿੱਚ ਹਿੱਸਾ ਲੈਣ ਲਈ ਇੱਕ ਹੋਰ ਗੇਟ ਤੋਂ “ਪੰਡਾਲ” ਵਿੱਚ ਲਿਜਾਇਆ ਗਿਆ।

ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਗਾਰਡੀਅਨਜ਼ ਆਫ਼ ਗਵਰਨੈਂਸ (ਜੀਓਜੀ) ਨੇ ਉਸ ਦਾ ਪੁਤਲਾ ਸਾੜਿਆ ਅਤੇ ਉਸ ਨੂੰ ਕਾਲੇ ਝੰਡੇ ਦਿਖਾਏ। ਬਾਅਦ ‘ਚ ਪੁਲਿਸ ਨੇ ਸਥਿਤੀ ‘ਤੇ ਕਾਬੂ ਪਾਇਆ।

ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਸਰਾਰੀ ਸਵੇਰ ਤੋਂ ਉਡੀਕ ਕਰ ਰਹੇ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਘਟਨਾ ਵਾਲੀ ਥਾਂ ਤੋਂ ਚਲੇ ਗਏ।

ਜੀਓਜੀ ਮੈਂਬਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਸੂਬੇਦਾਰ ਚਰਨ ਸਿੰਘ (ਸੇਵਾਮੁਕਤ) ਨੇ ਦੋਸ਼ ਲਾਇਆ ਕਿ ਮੰਤਰੀ ਨੇ ਸਾਬਕਾ ਸੈਨਿਕਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਗੋਜੀ ਯੂਨੀਅਨ ਦੇ ਹੋਰ ਮੈਂਬਰਾਂ – ਕਰਨਲ ਅਮਰਜੀਤ ਸਿੰਘ (ਸੇਵਾਮੁਕਤ), ਕੈਪਟਨ ਜਗੀਰ ਸਿੰਘ (ਸੇਵਾਮੁਕਤ), ਕੈਪਟਨ ਬਲਬੀਰ ਸਿੰਘ (ਸੇਵਾਮੁਕਤ) – ਨੇ ਮੰਗ ਕੀਤੀ ਕਿ ਰਾਜ ਸਰਕਾਰ ਨੂੰ ਜੀਓਜੀ ਸਕੀਮ ਨੂੰ ਰੱਦ ਕਰਨ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਜੀਓਜੀ ਸਕੀਮ ਨੂੰ ਰੱਦ ਕਰਨ ਦੀ ਕੀਤੀ ਜਾਵੇ ਸਮੀਖਿਆ, ਯੂਨੀਅਨ ਦੀ ਮੰਗ

ਜੀਓਜੀ ਮੈਂਬਰਜ਼ ਯੂਨੀਅਨ ਨੇ ਮੰਗ ਕੀਤੀ ਕਿ ਰਾਜ ਸਰਕਾਰ ਨੂੰ ਗਾਰਡੀਅਨਜ਼ ਆਫ਼ ਗਵਰਨੈਂਸ ਸਕੀਮ ਨੂੰ ਰੱਦ ਕਰਨ ਦੇ ਆਪਣੇ ਤਾਜ਼ਾ ਫੈਸਲੇ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੌਰਾਨ ਸੰਗਰੂਰ, ਮਲੇਰਕੋਟਲਾ, ਮਾਨਸਾ ਅਤੇ ਪਟਿਆਲਾ ਦੇ ਜੀ.ਓ.ਜੀਜ਼ ਨੇ ਸੰਗਰੂਰ ਦੇ ਬਰਨਾਲਾ ਚੌਕ ਵਿੱਚ ਕਰੀਬ ਦੋ ਘੰਟੇ ਧਰਨਾ ਦਿੱਤਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ।

ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਸਾਰਾਗੜ੍ਹੀ ਦੀ ਲੜਾਈ ਦੀ 125ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਸਿੱਖ ਰੈਜੀਮੈਂਟ ਦੇ ਬਹਾਦਰ ਜਵਾਨਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਉਨ੍ਹਾਂ ਕਿਹਾ ਕਿ ਫੌਜੀ ਯੁੱਧ ਦੇ ਇਤਿਹਾਸ ਵਿੱਚ ਬਹਾਦਰੀ ਦੀ ਅਜਿਹੀ ਮਿਸਾਲ ਲੱਭਣੀ ਮੁਸ਼ਕਲ ਹੈ ਜਦੋਂ ਸਿਰਫ 21 ਸਿੱਖ ਫੌਜੀਆਂ ਨੇ 10,000 ਤੋਂ ਵੱਧ ਅਫਰੀਦੀਆਂ ਦੀ ਤਾਕਤ ਦਾ ਮੁਕਾਬਲਾ ਕੀਤਾ ਸੀ। ਮੰਤਰੀ ਨੇ ਸਾਰਾਗੜ੍ਹੀ ਦੀ ਲੜਾਈ ਬਾਰੇ ਇੱਕ ਕਿਤਾਬਚਾ ਵੀ ਜਾਰੀ ਕੀਤਾ, ਇਸ ਤੋਂ ਇਲਾਵਾ ਇਸ ਦੀ 125ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਡਾਕ ਲਿਫ਼ਾਫ਼ਾ ਵੀ ਜਾਰੀ ਕੀਤਾ। ਇਸ ਮੌਕੇ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ

Exit mobile version