ਸੂਬੇ ਵਿੱਚ ਰੇਤਾ/ਬਜਰੀ ਦੀਆਂ ਨਵੀਆਂ ਖੱਡਾਂ ਦੀ ਪਹਿਚਾਣ ਕੀਤੀ ਜਾਵੇਗੀ: ਹਰਜੋਤ ਸਿੰਘ ਬੈਂਸ

ਜ਼ਮੀਨ ਮਾਲਕ ਆਪਣੀ ਜ਼ਮੀਨ ਵਿੱਚ ਖੱਡਾਂ ਚਲਾਉਣ ਲਈ ਦੇ ਸਕਦੇ ਹਨ ਅਰਜ਼ੀ 

ਸਸਤੇ ਭਾਅ ‘ਤੇ ਰੇਤ/ਬੱਜਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਿਆ ਗਿਆ ਫੈਸਲਾ 

ਚੰਡੀਗੜ, 1 ਸਤੰਬਰ ( ਦ ਪੰਜਾਬ ਵਾਇਰ)।ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵੱਲੋਂ ਰਾਜ ਦੇ ਲੋਕਾਂ ਨੂੰ ਸਸਤਾ ਰੇਤ/ਬਜਰੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਨਿੱਜੀ ਜਮੀਨਾਂ ਦੀ ਖੱਡਾਂ ਵਜੋਂ ਪਹਿਚਾਣ ਕਰਨ ਅਤੇ ਉਹਨਾਂ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ ਲਿਆ ਗਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਦੇ ਖਣਨ ਤੇ ਭੂ ਵਿਗਿਵਾਨ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰਾਜ ਵਿੱਚ ਰੇਤਾ/ਬਜਰੀ ਦੀਆਂ ਨਵੀਆਂ ਖੱਡਾਂ ਨੂੰ ਪ੍ਰਵਾਨਗੀ ਦੇਣ ਲਈ ਜ਼ਮੀਨ ਮਾਲਕ ਖੱਡਾਂ ਦੀ ਸਵੈ ਪਹਿਚਾਨ ਕਰਕੇ ਜ਼ਮੀਨ ਦੀ ਮਾਲਕੀ ਇਸ ਕਾਰਜ ਨਾਲ ਸਬੰਧਤ ਹੋਰ ਦਸਤਾਵੇਜ਼ ਸਬੰਧਤ ਇਲਾਕੇ ਦੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲਾ ਮਾਈਨਿੰਗ ਦੇ ਦਫ਼ਤਰ ਵਿੱਚ ਜਮਾਂ ਕਰਵਾ ਸਕਦੇ ਹਨ।

ਸ. ਬੈਂਸ ਨੇ ਦੱਸਿਆ ਕਿ ਨਵੀਆਂ ਖੱਡਾਂ ਸਬੰਧੀ ਪ੍ਰਾਪਤ ਬਿਨੈ ਪੱਤਰਾਂ ਦੀ ਘੋਖ/ਮੁਲਾਂਕਣ/ਮੌਕੇ ਦਾ ਨਿਰੀਖਣ ਸਬ-ਡਵੀਜਨਲ ਦੀ ਕਮੇਟੀ  ਵਲੋਂ ਕੀਤਾ ਜਾਵੇਗਾ। ਕਮੇਟੀ ਦੀ ਰਿਪੋਰਟ ਦੇ ਅਧਾਰ ’ਤੇ ਨਵੀਆਂ ਖੱਡਾਂ ਨੂੰ ਜ਼ਿਲਾ ਸਰਵੇ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਵਿਭਾਗ ਦੀ ਵੈਬਸਾਈਟ- ਤੋਂ ਹਾਸਲ ਕੀਤੀ ਜਾ ਸਕਦੀ ਹੈ।

ਸ.ਬੈਂਸ ਨੇ ਕਿਹਾ ਕਿ ਵਿਭਾਗ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਜਲਦ ਸਸਤੇ ਭਾਅ ’ਤੇ ਰੇਤਾ, ਬਜਰੀ ਮਿਲਣਾ ਸ਼ੁਰੂ ਹੋ ਜਾਵੇਗਾ।

Exit mobile version