ਵਣ ਰੇਂਜ ਅਫ਼ਸਰ ਅਤੇ ਸਾਬਕਾ ਡੀ ਐਫ ਓ ਗੁਰਦਾਸਪੁਰ ਦੀ ਵਿਜੀਲੈਂਸ ਬਿਊਰੋ ਤੋਂ ਜਾਂਚ ਕਰਵਾਉਣ ਲਈ ਸੰਘਰਸ਼ ਕਰਨ ਦਾ ਐਲਾਨ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬੂਟੇ ਲਾਉਣ ਲਈ ਆਏ ਫੰਡਾਂ ਨੂੰ ਨਿਜੀ ਹਿੱਤਾਂ ਲਈ ਖ਼ੁਰਦ ਬੁਰਦ ਕਰਨ ਦਾ ਦੋਸ਼।

ਗੁਰਦਾਸਪੁਰ 31 ਅਗਸਤ (ਮੰਨਣ ਸੈਣੀ)। ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਜ ( ਇਫਟੂ ) ਗੁਰਦਾਸਪੁਰ ਵਲੋਂ ਜੋਗਿੰਦਰ ਪਾਲ ਪਨਿਆੜ ਦੀ ਅਗਵਾਈ ਹੇਠ ਮੀਟਿੰਗ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਮੇਂ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਲਈ ਆਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਬੂਟੇ ਲਾਉਣ ਲਈ ਜਾਰੀ ਕੀਤੇ ਕਰੋੜਾਂ ਰੁਪਏ ਦੇ ਫੰਡਾਂ ਨੂੰ ਖ਼ੁਰਦ ਬੁਰਦ ਕਰਨ ਦਾ ਸੱਕ ਪ੍ਰਗਟ ਕੀਤਾ ਹੈ। ਇਸ ਸਬੰਧੀ ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੂੰ ਇਸ ਸਾਰੇ ਮਾਮਲੇ ਦੀ ਵਿਭਾਗੀ ਜਾਂਚ ਕਰਵਾਉਣ ਦੀ ਬਜਾਏ ਵਿਜੀਲੈਂਸ ਬਿਊਰੋ ਵੱਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਜਥੇਬੰਦੀ ਦੇ ਦਫ਼ਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਅਲੀਵਾਲ ਵਣ ਰੇਂਜ ਅਫ਼ਸਰ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮਈ 2021 ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਅਲੀਵਾਲ ਦੇ ਵਣ ਰੇਂਜ ਅਫ਼ਸਰ ਵੱਲੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਉਸ ਸਮੇਂ ਦੇ ਵਣ ਮੰਡਲ ਅਫ਼ਸਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।

ਮਜ਼ਦੂਰ ਆਗੂ ਨੇ ਦੱਸਿਆ ਕਿ 2019 ਤੋਂ ਬਾਅਦ ਇਸ ਵਣ ਰੇਂਜ ਦੇ ਬਲਾਕ ਕਲਾਨੌਰ, ਡੇਰਾ ਬਾਬਾ ਨਾਨਕ ਤਹਿਸੀਲ, ਅਲੀ ਵਾਲ ਬਲਾਕ ਵਿੱਚ ਸੜਕਾਂ ਤੇ ਖੁੰਬਾਂ ਵਾਂਗੂ ਮੈਰੇਜ ਪੈਲਿਸ, ਵਪਾਰਕ ਅਦਾਰੇ, ਪਬਲਿਕ ਸਕੂਲ, ਅਤੇ ਪੈਟਰੋਲ ਪੰਪ ਖੁੱਲ੍ਹੇ ਹਨ। ਇਹਨਾਂ ਅਦਾਰਿਆਂ ਅੱਗੇ ਲੱਗੇ ਲੱਖਾਂ ਰੁਪਏ ਦੇ ਦਰਖ਼ਤਾਂ ਦੀ ਮਾਲਕਾਂ ਨਾਲ ਮਿਲ ਕੇ ਕਟਾਈ ਕਰਵਾਕੇ ਵਿਭਾਗੀ ਨਿਯਮਾਂ ਦੀ ਉਲੰਘਣਾ ਅਤੇ ਸਰਕਾਰੀ ਖਜ਼ਾਨੇ ਦਾ ਨੁਕਸਾਨ ਕੀਤਾ ਗਿਆ ਹੋ ਸਕਦਾ ਹੈ। ਬਹੁਤ ਸਾਰੇ ਵਪਾਰਕ ਅਦਾਰਿਆਂ ਨੂੰ ਬਗੈਰ ਇਤਰਾਜ਼ ਹੀਣਤਾ ਸਰਟੀਫਿਕੇਟ ਦਿਤਿਆਂ ਕੰਮ ਕਰਨ ਦੀ ਇਜਾਜ਼ਤ ਦੇ ਕੇ ਬਣਦੀ ਫ਼ੀਸ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣ ਦੀ ਬਜਾਏ ਨਿਜੀ ਹਿੱਤਾਂ ਲਈ ਵਰਤੋਂ ਵਿਚ ਲਿਆਂਦੀ ਜਾਣ ਦੇ ਵੀ ਉਹਨਾਂ ਵੱਲੋਂ ਦੋਸ਼ ਲਗਾਏ ਗਏ।

ਉਨ੍ਹਾਂ ਖਦਸ਼ਾ ਪ੍ਰਗਟਾਇਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਉਪਯੋਗ ਹੋਣ ਵਾਲੇ ਮਾਰਗਾਂ ਦੀ ਸੁੰਦਰੀਕਰਨ ਲਈ ਲਾਏ ਬੂਟਿਆਂ ਵਿਚ ਲੱਖਾਂ ਰੁਪਏ ਦਾ ਗ਼ਬਨ ਕੀਤਾ ਗਿਆ ਹੋ ਸਕਦਾ। ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ ਜੰਗਲਾਤ ਮੰਤਰੀ ਨੂੰ ਨਿਜੀ ਪੱਧਰ ਤੇ ਮਿਲਕੇ ਇਸ ਸਾਰੇ ਘਪਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਪਰ ਉਚ ਪੱਧਰ ਦੇ ਅਧਿਕਾਰੀਆਂ ਵੱਲੋਂ ਨਿਰਪੱਖ ਜਾਂਚ ਕਰਨ ਦੀ ਬਜਾਏ ਉਸ ਅਫ਼ਸਰ ਦੀ ਡਿਊਟੀ ਲਗਾਈ ਗਈ ਹੈ। ਜਿਸ ਦਾ ਸਿੱਧਾ ਸਬੰਧ ਅਲੀ ਵਾਲ ਰੇਂਜ ਵਿਚ ਹੋਏ ਘਪਲਿਆਂ ਦੇ ਮੁਲਾਜ਼ਮਾਂ ਨਾਲ ਹੈ। ਇਸ ਲਈ ਉਹ ਵਿਜਿਲੈਂਸ ਤੋਂ ਜਾਂਚ ਦੀ ਮੰਗ ਕਰਦੇ ਹਨ। ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਗੁਰਮੀਤ ਰਾਜ, ਜਤਿੰਦਰ ਸਿੰਘ ਬਿੱਟੂ, ਸੁਖਦੇਵ ਸਿੰਘ ਬਹਿਰਾਮਪੁਰ, ਜੀਤਰਾਜ, ਸੱਤਪਾਲ, ਵਿਜੇ ਕੁਮਾਰ, ਆਦਿ ਨੇ ਪਿਛਲੀ ਸਰਕਾਰ ਸਮੇਂ ਵਣ ਵਿਭਾਗ ਵਿਚ ਹੋਏ ਘਪਲਿਆਂ ਨੂੰ ਨੰਗਾ ਕਰਨ, ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਧੱਕਣ ਲਈ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕਰਨ ਤੋਂ ਗ਼ੁਰੇਜ਼ ਨਹੀਂ ਕੀਤਾ ਜਾਵੇਗਾ। ਇਨਸਾਫ਼ ਨਾ ਮਿਲਣ ਤੇ ਵਣ ਮੰਤਰੀ ਦੇ ਘਰ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ।

Exit mobile version