ਹੁਣ ਇਹ ਮੁਲਾਜ਼ਮ ਆਉਣਗੇ ਅੜਿੱਕੇ: ਪੰਜਾਬ ਸਰਕਾਰ ਵੱਲੋਂ ਡਾਟਾ ਇਕੱਠਾ ਕਰਨ ਦਾ ਕੰਮ ਸ਼ੁਰੂ

ਚੰਡੀਗੜ੍ਹ , 31 ਅਗਸਤ (ਦ ਪੰਜਾਬ ਵਾਇਰ)।  ਪੰਜਾਬ ਸਰਕਾਰ ਨੇ ਬਗੈਰ ਛੁੱਟੀ ਤੋਂ ਵਿਦੇਸ਼ ਜਾਣ ਜਾਂ ਪੀਆਰ ਲੈ ਕੇ ਉੱਥੇ ਵਸਣ ਵਾਲੇ ਅਫ਼ਸਰਾਂ ਤੇ ਮੁਲਾਜ਼ਮਾਂ ਦਾ ਡਾਟਾ ਇਕੱਠਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਜਿਹੇ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਵਿਭਾਗੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।

ਪਰਸੋਨਲ ਵਿਭਾਗ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਡਵੀਜ਼ਨ ਕਮਿਸ਼ਨਰਾਂ, ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਡੀਸੀਜ਼ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ ਵਿਦੇਸ਼ਾਂ ‘ਚ ਪੀਆਰ ਲੈਣ ਤੇ ਬਿਨਾਂ ਛੁੱਟੀ ਉੱਥੇ ਜਾ ਕੇ ਰਹਿਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਇਸਦੀ ਜਾਣਕਾਰੀ ਪਰਸੋਨਲ ਵਿਭਾਗ ਨੂੰ ਭੇਜੀ ਜਾਵੇ।

ਦੱਸਣਯੋਗ ਹੈ ਕਿ ਪੰਜਾਬ ਦੇ ਬਹੁਤ ਸਾਰੇ ਸੀਨੀਅਰ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ਵਿਚ ਪੀਆਰ ਲੈ ਰੱਖੀ ਹੈ। ਇਹ ਮੁਲਾਜ਼ਮਾਂ ਹਾਲੇ ਵੀ ਪੰਜਾਬ ਸਰਕਾਰ ਦੇ ਮੁਲਾਜ਼ਮ ਹਨ। ਕਈ ਤਾਂ ਉਥੇ ਇਨਕਮ ਟੈਕਸ ਵੀ ਭਰ ਰਹੇ ਹਨ ਤੇ ਕਈ ਛੁੱਟੀਆਂ ਲਏ ਬਗੈਰ ਵਿਦੇਸ਼ਾਂ ਦੇ ਗੇੜੇ ਲਗਾ ਰਹੇ ਹਨ। ਅਜਿਹੇ ਸਾਰੇ ਮੁਲਾਜ਼ਮ ਆਉਣ ਵਾਲੇ ਸਮੇਂ ‘ਚ ਅੜਿੱਕੇ ਆਉਣ ਵਾਲੇ ਹਨ।

Exit mobile version