ਅੰਮ੍ਰਿਤਸਰ ਦੇ ਸੋਨਾ ਵਪਾਰੀ ਨਾਲ ਮਾਰੀ 1.24 ਕਰੋੜ ਦੀ ਠੱਗੀ: ਰੀਸਾਈਕਲਿੰਗ ਲਈ ਲਿਆ ਗਿਆ ਸੋਨਾ ਵਾਪਸ ਨਹੀਂ ਕੀਤਾ; ਦੋ ਗ੍ਰਿਫਤਾਰ, ਇੱਕ ਫਰਾਰ

ਅੰਮ੍ਰਿਤਸਰ, 20 ਅਗਸਤ (ਦ ਪੰਜਾਬ ਵਾਇਰ)। ਪੰਜਾਬ ਦੇ ਅੰਮ੍ਰਿਤਸਰ ‘ਚ ਸੋਨੇ ਦੇ ਵਪਾਰੀ ਨਾਲ 1.24 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨਾ ਵਪਾਰੀ ਅਸ਼ਵਨੀ ਕੁਮਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਕਟੜਾ ਦੂਲੋ ‘ਚ ਕਿਰਾਏ ‘ਤੇ ਰਹਿਣ ਵਾਲੇ ਮਹਾਰਾਸ਼ਟਰ ਦੇ ਨੀਲੇਸ਼ ਯਾਦਵ, ਖੂ ਕੌਡੀਆ ‘ਚ ਰਹਿਣ ਵਾਲੀ ਮਹਾਰਾਸ਼ਟਰ ਨਿਵਾਸੀ ਅਨੀਤਾ ਸਮਾਦਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਦਕਿ ਇੱਕ ਹੋਰ ਮੁਲਜ਼ਮ ਸਮਾਦਾਨ ਪਾਟਿਲ ਜੋ ਕਿ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ, ਅਜੇ ਫਰਾਰ ਹੈ।

ਗੁਰੂ ਬਾਜ਼ਾਰ ਵਿੱਚ ਫਰਮ ਦੇ ਮਾਲਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਸੋਨੇ ਦਾ ਕਾਰੋਬਾਰ ਕਰਦਾ ਹੈ। ਮੁਲਜ਼ਮਾਂ ਨੇ ਗੁਰੂ ਬਾਜ਼ਾਰ ਵਿੱਚ ਹੀ ਕਿਰਾਏ ’ਤੇ ਦੁਕਾਨ ਲਈ ਹੋਈ ਹੈ। ਜਿੱਥੇ ਉਹ ਸੋਨੇ ਨੂੰ ਰੀਸਾਈਕਲ ਕਰਨ ਦਾ ਕੰਮ ਕਰਦੇ ਹਨ। ਇਸੇ ਮਹੀਨੇ ਦੀ 12 ਤਰੀਕ ਨੂੰ ਮੁਲਜ਼ਮ ਪਹਿਲਾਂ 1.13 ਕਿਲੋ ਸੋਨਾ ਲੈ ਗਏ, ਜਿਸ ਦੀ ਬਾਜ਼ਾਰੀ ਕੀਮਤ 53 ਲੱਖ ਰੁਪਏ ਹੈ। ਅਗਲੇ ਹੀ ਦਿਨ ਮੁਲਜ਼ਮ 1.52 ਕਿਲੋ ਸੋਨਾ ਹੋਰ ਲੈ ਗਏ। ਜਿਸ ਦੀ ਬਾਜ਼ਾਰੀ ਕੀਮਤ 71.12 ਲੱਖ ਰੁਪਏ ਦੱਸੀ ਗਈ ਹੈ। ਪਰ ਵਾਰ-ਵਾਰ ਬੇਨਤੀ ਕਰਨ ‘ਤੇ ਵੀ ਮੁਲਜ਼ਮਾਂ ਨੇ ਨਾ ਤਾਂ ਸੋਨਾ ਵਾਪਸ ਕੀਤਾ ਅਤੇ ਨਾ ਹੀ ਪੈਸੇ ਦਿੱਤੇ।

ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਨੂੰ ਕਾਬੂ ਕਰ ਲਿਆ

ਪੁਲਸ ਨੇ ਤੁਰੰਤ ਹਰਕਤ ‘ਚ ਆ ਕੇ ਨੀਲੇਸ਼ ਅਤੇ ਅਨੀਤਾ ਨੂੰ ਗ੍ਰਿਫਤਾਰ ਕਰ ਲਿਆ। ਦੋਵੇਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸ ਦੌਰਾਨ ਉਨ੍ਹਾਂ ਦਾ ਇੱਕ ਹੋਰ ਸਾਥੀ ਸਮਦਨ ਪਾਟਿਲ ਭੱਜਣ ਵਿੱਚ ਕਾਮਯਾਬ ਹੋ ਗਿਆ। ਏਐਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਾਟਿਲ ਨੂੰ ਕਾਬੂ ਕਰਨ ਲਈ ਤਕਨੀਕੀ ਟੀਮਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਦੋਸ਼ੀਆਂ ਤੋਂ ਸੋਨੇ ਦੀ ਬਰਾਮਦਗੀ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।

Exit mobile version