ਨੈਸ਼ਨਲ ਮੈਡੀਕਲ ਕਮਿਸ਼ਨ ਦੇ ਨਿਯਮਾਂ ਨੂੰ ਸੂਬੇ ਦੇ ਹਰੇਕ ਮੈਡੀਕਲ ਕਾਲਜ/ਇੰਸਟੀਚਿਊਟ ਵੱਲੋਂ ਲਾਗੂ ਕੀਤਾ ਜਾਵੇਗਾ

ਚੰਡੀਗੜ੍ਹ, 18 ਅਗਸਤ  (ਦ ਪੰਜਾਬ ਵਾਇਰ)। ਨੈਸ਼ਨਲ ਮੈਡੀਕਲ ਕਮਿਸ਼ਨ, ਨਵੀਂ ਦਿੱਲੀ ਦੁਆਰਾ ਜਾਰੀ ਨੋਟੀਫਿਕੇਸ਼ਨਾਂ ਅਤੇ ਨਿਯਮਾਂ ਨੂੰ ਸੂਬੇ ਦੇ ਹਰੇਕ ਮੈਡੀਕਲ ਕਾਲਜ/ਇੰਸਟੀਚਿਊਟ ਵੱਲੋਂ ਲਾਗੂ ਕੀਤਾ ਜਾਵੇਗਾ। ਇਹ ਗੱਲ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ ਚਰਨਜੀਤ ਸਿੰਘ ਪਰੂਥੀ ਵੱਲੋਂ ਕਹੀ ਗਈ।  

ਪੰਜਾਬ ਮੈਡੀਕਲ ਕੌਂਸਲ ਵੱਲੋਂ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ, ਯੂਨੀਵਰਸਿਟੀਆਂ ਦੇ ਰਜਿਸਟਰਾਰ, ਸਰਕਾਰੀ ਮੈਡੀਕਲ ਕਾਲਜ, ਚੰਡੀਗੜ੍ਹ ਦੇ ਨੁਮਾਇੰਦੇ, ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ, ਡਾਇਰੈਕਟਰ ਸਿਹਤ ਸੇਵਾਵਾਂ, ਚੰਡੀਗੜ੍ਹ ਯੂ.ਟੀ. ਅਤੇ ਸਬੰਧਤ ਹਸਪਤਾਲਾਂ ਨਾਲ ਵਿਦੇਸ਼ੀ ਮੈਡੀਕਲ ਗਰੈਜੂਏਟਾਂ (ਰੂਸ, ਯੂਕਰੇਨ, ਚੀਨ ਆਦਿ) ਦੀ ਕੰਪਲਸਰੀ ਰੋਟੇਟਰੀ ਮੈਡੀਕਲ ਇੰਟਰਨਸ਼ਿਪ ਸਬੰਧੀ ਮੀਟਿੰਗ ਕੀਤੀ ਗਈ। 

ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਸਾਰੀਆਂ ਸੰਸਥਾਵਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣਾ ਪ੍ਰਸਤਾਵ ਪੰਜਾਬ ਮੈਡੀਕਲ ਕੌਂਸਲ ਨੂੰ ਸੌਂਪਣਗੀਆਂ ਤਾਂ ਜੋ ਇਸ ਮਾਮਲੇ ਸਬੰਧੀ ਜਲਦੀ ਤੋਂ ਜਲਦੀ ਫੈਸਲਾ ਕੀਤਾ ਜਾ ਸਕੇ। 

ਇਸ ਦੌਰਾਨ ਖੋਜ ਅਤੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਡਾ ਅਵਿਨਾਸ਼ ਕੁਮਾਰ ਨੇ ਵਿਦੇਸ਼ੀ ਮੈਡੀਕਲ ਗਰੈਜੂਏਟਾਂ ਨੂੰ ਦਿੱਤੇ ਜਾਣ ਵਾਲੇ ਵਜ਼ੀਫ਼ੇ ਸਬੰਧੀ ਪ੍ਰਸਤਾਵ ਵੀ ਸਰਕਾਰ ਨੂੰ ਭੇਜਿਆ।

ਪੀ.ਐਮ.ਸੀ. ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਖਾਸ ਕਰਕੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਵਿਭਾਗ ਵਿੱਚ ਕ੍ਰਾਂਤੀਕਾਰੀ ਕਦਮ ਚੁੱਕਣ ਲਈ ਕੀਤੇ ਯਤਨਾਂ ਅਤੇ ਕੰਮਾਂ ਦੀ ਵੀ ਸ਼ਲਾਘਾ ਕੀਤੀ।

Exit mobile version