ਖੇਤੀਬਾੜੀ ਵਿਸਥਾਰ ਅਫਸਰਾਂ ਨੇ ਆਪਣੇ ਹੀ ਵਿਭਾਗ ਦੇ ਏਡੀਓ ਤੇ ਏਓਜ ਖਿਲਾਫ ਖੋਲਿਆ ਮੋਰਚਾ

ਕਿਹਾ ਕਿ ਕਿਸਾਨਾਂ ਦੀ ਦੁਰਦਸ਼ਾ ਤੇ ਵੱਡੇ ਘੁਟਾਲਿਆਂ ਲਈ ਸਿੱਧੇ ਤੌਰ ‘ਤੇ ਜਿੰਮੇਵਾਰ ਹਨ ਅਖੌਤੀ ਟੈਕਨੋਕਰੇਟਸ

ਵਿਭਾਗ ਵਿਚ ਚਿੱਟਾ ਹਾਥੀ ਬਣੇ ਤਿੰਨ ਵਿੰਗਾਂ ਨੂੰ ਖਤਮ ਕਰਕੇ ਅਧਿਕਾਰੀਆਂ ਨੂੰ ਫੀਲਡ ‘ਚ ਤੈਨਾਤ ਕਰਨ ਦੀ ਕੀਤੀ ਮੰਗ

ਗੁਰਦਾਸਪੁਰ, 31 ਜੁਲਾਈ (ਮੰਨਣ ਸੈਣੀ)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੂਬੇ ਅੰਦਰ ਕਿਸਾਨਾਂ ਦੀ ਬਿਹਤਰੀ ਲਈ ਏਡੀਏ ਅਤੇ ਏਈਓ ਦੀਆਂ ਅਸਾਮੀਆਂ ਜਰਨਲਾਈਜ ਕਰਨ ਦਾ ਵਿਰੋਧ ਕਰ ਰਹੇ ਅਧਿਕਾਰੀਆਂ ਦੇ ਖਿਲਾਫ ਖੇਤੀਬਾੜੀ ਵਿਸਥਾਰ ਅਫਸਰ ਐਸੋਸੀਏਸ਼ਨ ਨੇ ਮੋਰਚਾ ਖੋਲ ਦਿੱਤਾ ਹੈ। ਇਸ ਦੇ ਚਲਦਿਆਂ ਅੱਜ ਗੁਰਦਾਸਪੁਰ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮੋਹਨ ਸਿੰਘ ਵਾਹਲਾ ਅਤੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਅੰਦਰ ਕਈ ਸਾਲਾਂ ਤੋਂ ਖਾਲੀ ਪਏ ਫੋਕਲ ਪੁਆਇੰਟਾਂ ਨਾਲ ਸਬੰਧਿਤ ਪਿੰਡ ਵਿਚਾਂ ਬਿਹਤਰ ਖੇਤੀ ਸੇਵਾਵਾਂ ਦੇਣ ਲਈ ਖੇਤੀਬਾੜੀ ਵਿਸਥਾਰ ਅਫਸਰਾਂ ਅਤੇ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ 480 ਅਸਾਮੀਆਂ ਜਨਰਲਾਈਜ ਕੀਤੀਆਂ ਹਨ।

ਉਨਾਂ ਸਪੱਸ਼ਟ ਕੀਤਾ ਕਿ ਏਈਓ ਅਤੇ ਏਡੀਓ ਇਕੋ ਕੇਡਰ ਦੇ ਬਰਾਬਰ ਦੇ ਅਧਿਕਾਰੀ ਹਨ ਅਤੇ ਸਰਕਾਰ ਨੇ ਨਾਂ ਤਾਂ ਇਨਾਂ ਦੀਆਂ ਕੁੱਲ ਅਸਾਮੀਆਂ ਦੀ ਗਿਣਤੀ ਵਿਚ ਕੋਈ ਵਾਧਾ ਘਾਟਾ ਕੀਤਾ ਹੈ ਅਤੇ ਨਾ ਹੀ ਨਵੀਂ ਭਰਤੀ ਵਿਚ ਕੋਈ ਰੋਕ ਲਗਾਈ ਹੈ। ਪਰ ਇਹ ਅਧਿਕਾਰੀ ਜਾਣ ਬੁਝ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਕੇ ਹੋਏ ਖੇਤੀਬਾੜੀ ਵਿਸਥਾਰ ਅਫਸਰਾਂ ਖਿਲਾਫ ਘਟੀਆ ਟਿਪਣੀਆਂ ਕਰ ਰਹੇ ਹਨ। ਇਸ ਕਾਰਨ ਅੱਜ ਉਨਾਂ ਨੂੰ ਵੀ ਮਜ਼ਬੂਰਨ ਇਨਾਂ ਅਖੌਤੀ ਟੈਕਨੋਕਰੇਟਾਂ ਦੇ ਖਿਲਾਫ ਮੋਰਚਾ ਖੋਲਣਾ ਪਿਆ ਹੈ। ਉਨਾਂ ਦੋਸ਼ ਲਗਾਇਆ ਕਿ ਪੰਜਾਬ ਅੰਦਰ ਕਿਸਾਨਾਂ ਦੀ ਦੁਰਦਸ਼ਾ ਲਈ ਸਿੱਧੇ ਤੌਰ ‘ਤੇ ਖੇਤੀਬਾੜੀ ਅਧਿਕਾਰੀ ਅਤੇ ਖੇਤੀਬਾੜੀ ਵਿਕਾਸ ਅਫਸਰ (ਏਡੀਓ) ਜਿੰਮੇਵਾਰ ਹਨ ਕਿਉਂਕਿ ਖਾਦਾਂ, ਬੀਜਾਂ ਤੇ ਦਵਾਈਆਂ ਦੀ ਕਵਾਲਿਟੀ ਕੰਟਰੋਲ ਦਾ ਕੰਮਾਂ ਇਨਾਂ ਦੇ ਸਿਰ ‘ਤੇ ਹੈ ਅਤੇ ਇਨਾਂ ਅਧਿਕਾਰੀਆਂ ਨੇ ਪਿਛਲੇ ਸਮੇਂ ਦੌਰਾਨ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ।

ਇਹ ਅਧਿਕਾਰੀ 2-3 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹਾਂ ਲੈ ਰਹੇ ਹਨ। ਪਰ ਇਸ ਦੇ ਬਾਵਜੂਦ ਇਹ ਨਾ ਤਾਂ ਫੀਲਡ ਵਿਚ ਖਾਲੀ ਪੋਸਟਾਂ ‘ਤੇ ਨਿਯੁਕਤੀ ਕਰਵਾਉਂਦੇ ਹਨ ਅਤੇ ਨਾ ਹੀ ਖਾਦਾਂ ਦਵਾਈਆਂ ਦੀ ਕਵਾਲਿਟੀ ਕੰਟਰੋਲ ਦਾ ਕੰਮ ਸਹੀ ਢੰਗ ਨਾਲ ਕਰਦੇ ਹਨ। ਜਿਸ ਕਾਰਨ ਪਿਛਲੇ ਸਮੇਂ ਦੌਰਾਨ ਕਈ ਘੁਟਾਲੇ ਸਾਹਮਣੇ ਆ ਚੁੱਕੇ ਹਨ ਅਤੇ ਫਸਲਾਂ ਦੇ ਵੱਡੇ ਨੁਕਸਾਨ ਹੋਏ ਹਨ। ਉਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਏਅਰਕੰਡੀਸ਼ਨ ਦਫਤਰਾਂ ਵਿਚ ਬੈਠ ਕੇ ਸਰਕਾਰ ‘ਤੇ ਬੋਝ ਬਣ ਰਹੇ ਬਲਾਕ ਖੇਤੀਬਾੜੀ ਅਫਸਰਾਂ ਤੇ ਖੇਤੀਬਾੜੀ ਵਿਕਾਸ ਅਫਸਰਾਂ ਦੇ ਕੰਮਾਂ ਦੀ ਬਾਰੀਕੀ ਨਾਲ ਸਮੀਖਿਆ ਕਰਵਾਈ ਜਾਵੇ ਕਿ ਸਹੀ ਮਾਇਨਿਆਂ ਵਿਚ ਇਨਾਂ ਦੀ ਪੰਜਾਬ ਦੇ ਕਿਸਾਨਾਂ ਨੂੰ ਕੀ ਦੇਣ ਹੈ? ਉਨਾਂ ਇਹ ਵੀ ਦੋਸ਼ ਲਗਾਇਆ ਕਿ ਵਿਭਾਗ ਵਿਚ ਮਾਰਕੀਟਿੰਗ ਵਿੰਗ, ਗੰਨਾ ਸੈਕਸ਼ਨ ਅਤੇ ਟ੍ਰੇਨਿੰਗ ਸੈਕਸ਼ਨ ਵਿਚ ਤੈਨਾਤ ਸਾਰੇ ਖੇਤੀ ਵਿਕਾਸ ਅਫਸਰ ਤੇ ਖੇਤੀਬਾੜੀ ਅਫਸਰਾਂ ਦੀ ਪਿਛਲੀ ਕਾਰਗੁਜਾਰੀ ਦੀ ਜਾਂਚ ਕਰਵਾਈ ਜਾਵੇ ਅਤੇ ਸਰਕਾਰ ‘ਤੇ ਬੋਝ ਬਣ ਕੇ ਚਿੱਟਾ ਹਾਥੀ ਬਣੇ ਇਨਾਂ ਵਿੰਗਾਂ ਨੂੰ ਖਤਮ ਕਰਕੇ ਸਾਰੇ ਖੇਤੀ ਅਧਿਕਾਰੀਆਂ ਨੂੰ ਫੀਲਡ ਵਿਚ ਤੈਨਾਤ ਕਰਕੇ ਬਰਾਬਰ ਦੇ ਪਿੰਡ ਅਲਾਟ ਕੀਤੇ ਜਾਣ ਤਾਂ ਜੋ ਪੰਜਾਬ ਦੇ ਹਰੇਕ ਪਿੰਡ ਵਿਚ ਵਿਭਾਗ ਦੇ ਅਧਿਕਾਰੀਆਂ ਦੀ ਪਹੁੰਚ ਸਿੱਧੀ ਤੇ ਅਸਾਨ ਹੋ ਸਕੇ।

ਉਨਾਂ ਵਿਭਾਗ ਦੇ ਮੁੱਖ ਦਫਤਰ ਵਿਚ ਤੈਨਾਤ ਡਿਪਟੀ ਡਾਇਰੈਕਟਰ (ਹੈਡ ਕੁਆਟਰ) ‘ਤੇ ਵੀ ਆਪਣੇ ਅਹੁੱਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਅਤੇ ਕਿਹਾ ਕਿ ਇਹ ਡਿਪਟੀ ਡਾਇਰੈਕਟਰ ਸਰਕਾਰ ਦੇ ਕੰਮਾਂ ਵਿਚ ਵਿਘਨ ਪਾ ਰਿਹਾ ਹੈ ਅਤੇ ਖੇਤੀਬਾੜੀ ਵਿਕਾਸ ਅਧਿਕਾਰੀਆਂ ਨੂੰ ਸਰਕਾਰ ਖਿਲਾਫ ਧਰਨਾ ਲਗਾਉਣ ਲਈ ਉਕਸਾਉਣ ਦੀ ਕਾਰਵਾਈ ਕਰ ਰਿਹਾ ਹੈ। ਉਨਾਂ ਐਲਾਨ ਕੀਤਾ ਕਿ ਉਹ ਸਰਕਾਰ ਵੱਲੋਂ ਕੀਤੇ ਫੈਸਲੇ ਦਾ ਸਵਾਗਤ ਕਰਦੇ ਹਨ ਤੇ ਨਾਲ ਹੀ ਇਨਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਕੂੜ ਪ੍ਰਚਾਰ ਕਰਨਾ ਬੰਦ ਕਰਕੇ ਕਿਸਾਨਾਂ ਦੀ ਸੇਵਾ ਵਿਚ ਜੁਟ ਜਾਣ ਨਹੀਂ ਤਾਂ ਖੇਤੀਬਾੜੀ ਵਿਸਥਾਰ ਅਫਸਰ ਐਸੋਸੀਏਸ਼ਨ ਹੋਰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੂਰੇ ਵੇਰਵਿਆਂ ਸਹਿਤ ਇਨਾਂ ਦੇ ਕਾਲੇ ਕਾਰਨਾਮੇ ਉਜਾਗਰ ਕਰੇਗੀ।

Exit mobile version