ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਅੰਦਰ “ਵਿਸ਼ੇਸ਼ ਬੇਅਦਬੀ ਵਿਰੋਧੀ ਇਜ਼ਲਾਸ” ਬੁਲਾਉਣ ਦੀ ਕੀਤੀ ਮੰਗ

ਕਿਹਾ ਅਸੀਂ ਰਾਜਸੀ ਲੋਕ ਐਨੇ ਨਿਰਦਈ ਕਿਵੇਂ ਹੋ ਸਕਦੇ ਹਾਂ ਕਿ ਆਪਣੇ ਹੀ ਸੂਬੇ ਦੇ ਲੋਕਾਂ ਦੇ ਹੰਝੂ ਤੱਕ ਨਾ ਪੂੰਝ ਸਕੀਏ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਲਿਖੀ ਚਿੱਠੀ

ਗੁਰਦਾਸਪੁਰ, 27 ਜੁਲਾਈ (ਮੰਨਣ ਸੈਣੀ)। ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਦਲ ਦੇ ਨੇਤਾ ਅਤੇ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਅੰਦਰ “ਵਿਸ਼ੇਸ਼ ਬੇਅਦਬੀ ਵਿਰੋਧੀ ਇਜ਼ਲਾਸ” ਬੁਲਾਉਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਸਰਦਾਰ ਬਾਜਵਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਚਿੱਠੀ ਲਿੱਖੀ ਗਈ ਹੈ। ਬਾਜਵਾ ਦਾ ਕਹਿਣਾ ਹੈ ਕਿ ਇਹ ਵਿਸ਼ੇਸ਼ ਇਜ਼ਲਾਸ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਜੋਂ ਇਸ ਗੰਭੀਰ ਮੁੱਦੇ ਉੱਤੇ ਗੰਭੀਰਤਾ ਨਾਲ ਚਰਚਾ ਕੀਤੀ ਜਾਵੇ ਅਤੇ ਪੰਜਾਬ ਦੇ ਲੋਕਾਂ ਨੂੰ ਕੁਝ ਚੰਗੇ ਫੈਸਲੇ ਦਿੱਤੇ ਜਾਣ। ਵਿਰੋਧੀ ਦਲ ਦੇ ਨੇਤਾ ਨੇ ਕਿਹਾ ਕਿ ਇਜ਼ਲਾਸ ਬੁਲਾਉਣ ਸੰਬੰਧੀ ਸ਼੍ਰੀ ਫਤਹਿਗੜ੍ਹ ਸਾਹਿਬ ਵਿੱਖੇ ਉਨ੍ਹਾਂ ਦੀ ਡਿਊਟੀ ਸੰਗਤਾ ਵੱਲੋਂ ਲਗਾਈ ਗਈ ਸੀ।

ਆਪਣੀ ਚਿੱਠੀ ਵਿੱਚ ਗੁਰਬਾਨੀ ਦੇ ਸ਼ਬਦ (ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨ) ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਅਨੁਸਾਰ ਰਾਜੇ ਦਾ ਪਰਮ ਕਰਮ ਨਿਆਂ ਕਰਨਾ ਹੈ। ਅੱਜ ਲੋਕਤੰਤਰ ਦੇ ਯੁੱਗ ਵਿੱਚ ਮੁੱਖ ਮੰਤਰੀ ਹੀ ਸੂਬੇ ਦਾ ਰਾਜਾ ਸਮਝਿਆ ਜਾ ਸਕਦਾ ਹੈ। ਜਿਸਦਾ ਪਹਿਲਾ ਧਰਮ ਕਰਮ ਬਣਦਾ ਹੈ ਕਿ ਆਪਣੇ ਸੂਬੇ ਦੀ ਪਰਜਾ ਨੂੰ ਇਨਸਾਫ਼ ਦੇਵੇ। 

ਪਰ ਅਜੋਕੇ ਸਮੇਂ ਵਿੱਚ, ਪੰਜਾਬ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਲਗਾਤਾਰ ਹਮਲੇ ਹੋਣੇ, ਬੇਅਦਬੀ ਹੋਣੀ ਮਹਾਂ ਅਪਰਾਧ ਹੈ । ਜਿਸ ਦੇ ਲਈ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣੀ ਬਣਦੀ ਹੈ ਤਾਂ ਕਿ ਕੋਈ ਦੂਜਾ ਐਸੀ ਹਿੰਮਤ ਨਾ ਕਰ ਸਕੇ। ਕਮਜ਼ੋਰ ਕਾਨੂੰਨ ਹੋਣ ਕਾਰਨ ਪਾਪੀ ਬੇਖੌ ਵਾਰਦਾਤਾਂ ਕਰਦੇ ਹਨ, ਜਿਸ ਕਾਰਨ ਇਹਨਾਂ ਬੇਅਦਬੀਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਦੇ ਵਿੱਚ ਚਾਰ ਸੌ ਤੋਂ ਵੱਧ ਤੱਕ ਪਹੁੰਚ ਚੁੱਕੀ ਹੈ ਅਤੇ ਅਗਾਂਹ ਬਿਨ੍ਹਾਂ ਰੁਕਾਵਟ ਜਾਰੀ ਹੈ। 

ਪੰਜਾਬ ਦੀ ਮੌਜੂਦਾ ਸਰਕਾਰ ਅਤੇ ਵਿਧਾਨ ਸਭਾ ਵੱਲੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਇਹ ਰੋਸ ਹੈ ਕਿ ਬੇਅਦਬੀ ਸਬੰਧੀ ਕੋਈ ਇਨਸਾਫ਼ ਦੇਣਾ ਤਾਂ ਦੂਰ, ਅਸੀਂ ਤਾਂ ਉਹਨਾਂ ਦੇ ਜ਼ਖਮਾਂ ਤੇ ਮੱਲ੍ਹਮ ਲਗਾਉਣਾ ਵੀ ਜ਼ਰੂਰੀ ਨਹੀਂ ਸਮਝਿਆ। ਅਜਿਹਾ ਅਹਿਸਾਸ ਉਹਨਾਂ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ 17 ਜੁਲਾਈ 2022 ਨੂੰ ਹੋਏ ਬੇਅਦਬੀ ਵਿਰੁਧ ਇਜਲਾਸ ਵਿੱਚ ਸ਼ਾਮਲ ਹੋਣ ਦੌਰਾਨ ਹੋਇਆ, ਜਦ ਉੱਥੇ ਬੇਅਦਬੀ ਦੇ ਦਰਦ ਵਿਚ ਜੁੜੀ ਸੰਗਤ ਦੀਆਂ ਅੱਖਾਂ ਚੋਂ ਉਨ੍ਹਾਂ ਕਿਰਦੇ ਹੰਝੂ ਦੇਖੇ। ਉਹ ਸੋਚਦੇ ਹਨ ਕਿ ਅਸੀਂ ਰਾਜਸੀ ਲੋਕ ਐਨੇ ਨਿਰਦਈ ਕਿਵੇਂ ਹੋ ਸਕਦੇ ਹਾਂ ਕਿ ਆਪਣੇ ਹੀ ਸੂਬੇ ਦੇ ਲੋਕਾਂ ਦੇ ਹੰਝੂ ਤੱਕ ਨਾ ਪੂੰਝ ਸਕੀਏ। 

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੜੇ ਅਨੁਸ਼ਾਸਿਤ ਢੰਗ ਨਾਲ, ਹੋਏ, ਇਸ ਸੰਗਤੀ ਬੇਅਦਬੀ ਵਿਰੁਧ ਇਜ਼ਲਾਸ ਵਿੱਚ ਜਿਥੇ ਸਮੂਹ ਸਿੱਖ ਜਥੇਬੰਦੀਆਂ ਨੇ ਸੰਗਤਾਂ ਦੇ ਜਜ਼ਬਾਤ ਬੜੇ ਸਤਿਕਾਰ ਨਾਲ ਮੇਰੇ ਸਾਹਮਣੇ ਰੱਖੇ, ਉਥੇ ਹੀ ਸਾਰੀਆਂ ਸੰਗਤਾਂ ਨੇ ਸਾਝੇ ਰੂਪ ਵਿੱਚ ਇਕ ਦਿਨ ਦਾ ਵਿਸ਼ੇਸ਼ ਬੇਅਦਬੀ ਵਿਰੋਧੀ ਇਜ਼ਲਾਮ ਪੰਜਾਬ ਵਿਧਾਨ ਸਭਾ ਵਿਚ ਬੁਲਾਉਣ ਦੀ ਮੰਗ ਉਠਾਈ। ਜੈਕਾਰਿਆਂ ਦੀ ਗੂੰਜ ਵਿੱਚ ਸਾਰੀਆਂ ਸੰਗਤਾਂ ਨੇ ਹੱਥ ਖੜੇ ਕਰਕੇ ਮਤਾ ਪਾਸ ਕੀਤਾ ਅਤੇ ਮੇਰੀ ਡਿਊਟੀ ਲਗਾਈ ਕਿ ਇਸ ਸਬੰਧੀ ਮੈਂ ਵਿਰੋਧੀ ਧਿਰ ਨੇਤਾ ਹੋਣ ਦੇ ਨਾਤੇ ਮੁੱਖ ਮੰਤਰੀ ਪੰਜਾਬ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਪੱਤਰ ਲਿਖ ਕੇ ਇਹ ਇਹ ਦਿਨ ਦਾ ਵਿਸ਼ੇਸ਼ ਬੇਅਦਬੀ ਵਿਰੁੱਧ ਇਜ਼ਲਾਸ ਬੁਲਾਉਣ ਦੀ ਬੇਨਤੀ ਕਰਾਂ। |

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਮਾਣਾ ਸਿੱਖ ਅਤੇ ਸੰਗਤਾਂ ਦਾ ਮੇਵਾਦਾਰ ਹੋਣ ਨਾਤੇ, ਆਪਣਾ ਨੈਤਿਕ ਫਰਜ਼ ਸਮਝਦੇ ਹੋਏ, ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਅਤਿ ਗੰਭੀਰ ਅਤੇ ਮਨੁੱਖਤਾ ਨੂੰ ਦਰਦ ਦੇਣ ਵਾਲੇ ਮਸਲੇ ਸਬੰਧੀ ਜਲਦ ਤੋਂ ਜਲਦ ਪੰਜਾਬ ਵਿਧਾਨ ਸਭਾ ਵਿੱਚ ਇਕ ਵਿਸ਼ੇਸ਼ ਬੇਅਦਬੀ ਵਿਰੁਧ ਇਜ਼ਲਾਸ ਬੁਲਾ ਕੇ ਗੰਭੀਰਤਾ ਦੇ ਨਾਲ ਚਰਚਾ ਕੀਤੀ ਜਾਏ ਅਤੇ ਪੰਜਾਬ ਦੇ ਲੋਕਾਂ ਨੂੰ ਕੁਝ ਚੰਗੇ ਫੈਸਲੇ ਦਿੱਤੇ ਜਾਣ। 

Exit mobile version