ਬੈਕਫੁਟ:-ਵਿਧਾਇਕ ਸ਼ੀਤਲ ਅੰਗੁਰਾਲ ਅਤੇ ਡੀ.ਸੀ. ਦਫਤਰ ਯੂਨੀਅਨ ਵਿਚਾਲੇ ਰੇੜਕਾ ਖਤਮ, ਮੁਲਾਜ਼ਮਾਂ ਨੇ ਹੜਤਾਲ਼ ਦੀ ਕਾਲ ਲਈ ਵਾਪਸ

ਕਿਸੇ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਮਕਸਦ, ਪ੍ਰਗਟਾਇਆ ਖੇਦ : ਸ਼ੀਤਲ ਅੰਗੁਰਾਲ

ਪੀ.ਸੀ.ਐਸ. ਆਫਿਸਰਜ ਐਸੋਸੀਏਸ਼ਨ ਨੇ ਵੀ ਕਾਲੇ ਬਿੱਲੇ ਲਾ ਕੇ ਕੰਮ ਕਰਨ ਦੀ ਕਾਲ ਵਾਪਸ ਲਈ

ਜਲੰਧਰ, 24 ਜੁਲਾਈ: ਬੀਤੇ ਦਿਨੀਂ ਡਿਪਟੀ ਕਮਿਸ਼ਨਰ ਦਫਤਰ ਵਿਖੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਚਾਨਕ ਦਫ਼ਤਰਾਂ ਦੇ ਦੌਰੇ ਦੌਰਾਨ ਪੈਦਾ ਹੋਇਆ ਵਿਵਾਦ ਅੱਜ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਵਿਧਾਇਕ ਅਤੇ ਮੁਲਾਜ਼ਮ ਦੀ ਮੀਟਿੰਗ ਦੌਰਾਨ ਉਸ ਵੇਲੇ ਸੁਲਝ ਗਿਆ ਜਦੋਂ ਸ਼ੀਤਲ ਅੰਗੁਰਾਲ ਨੇ ਖੇਦ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਮਣਸ਼ਾ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣਾ ਨਹੀਂ ਸੀ ।

ਡਿਪਟੀ ਕਮਿਸ਼ਨਰ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਵਿਧਾਇਕ ਸ਼ੀਤਲ ਅੰਗੁਰਾਲ ਨੇ ਸਪਸ਼ਟ ਕੀਤਾ ਕਿ ਡੀ.ਸੀ. ਦਫਤਰ ਵਿਖੇ ਉਨ੍ਹਾਂ ਦੀ ਕਾਰਵਾਈ ਦਾ ਇੱਕੋ-ਇੱਕ ਮਕਸਦ ਤਹਿਸੀਲ ਕੰਪਲੈਕਸ ਦੇ ਬਾਹਰ ਸਰਗਰਮ ‘ਪ੍ਰਾਈਵੇਟ ਏਜੰਟਾਂ’ ਖਿਲਾਫ ਕਾਰਵਾਈ ਦਾ ਸੀ ਅਤੇ ਕਿਸੇ ਵੀ ਪੱਖੋਂ ਸਰਕਾਰੀ ਅਫਸਰਾਂ ਅਤੇ ਕਰਮਚਾਰੀਆਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣਾ ਨਹੀਂ ਸੀ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਉਨ੍ਹਾਂ ਦੀ ਕਾਰਵਾਈ ਨਾਲ ਠੇਸ ਪਹੁੰਚੀ ਹੈ ਤਾਂ ਉਸ ਲਈ ਉਹ ਖੇਦ ਪ੍ਰਗਟ ਕਰਦੇ ਹਨ । ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਗਰ ਕੋਈ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਇਸਨੂੰ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣਗੇ।

ਇਸ ਉਪਰੰਤ ਡੀ. ਸੀ. ਆਫ਼ਿਸ ਇੰਪਲਾਈਜ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਆਪਣੇ ਸਾਥੀਆਂ ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ, ਸੂਬਾ ਵਿੱਤ ਸਕੱਤਰ ਸਤਬੀਰ ਸਿੰਘ ਚੰਦੀ, ਸਹਾਇਕ ਵਿੱਤ ਸਕੱਤਰ ਹਰਜਿੰਦਰ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਬਲਬੀਰ ਸਿੰਘ ਸਮੇਤ ਕਿਹਾ ਕਿ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਖੇਦ ਪ੍ਰਗਟਾਉਣ ਅਤੇ ਮੁਆਫ਼ੀ ਮੰਗਣ ਨੂੰ ਐਸੋਸੀਏਸ਼ਨ ਨੂੰ ਪ੍ਰਵਾਨ ਕਰਦਿਆਂ 25 ਜੁਲਾਈ ਤੋਂ ਦਿੱਤੀ ਹੜਤਾਲ਼ ਦੀ ਕਾਲ ਨੂੰ ਵਾਪਸ ਲੈ ਲਿਆ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਪਰਡੈਂਟ ਪਰਮਿੰਦਰ ਕੌਰ, ਜਥੇਬੰਦੀ ਵੱਲੋਂ ਚੇਅਰਮੈਨ ਰਾਕੇਸ਼ ਕੁਮਾਰ, ਪ੍ਰਧਾਨ ਪਵਨ ਵਰਮਾ, ਜਨਰਲ ਸਕੱਤਰ ਜਗਦੀਸ਼ ਸਲੂਜਾ, ਸਲਾਹਕਾਰ ਨਰੇਸ਼ ਕੁਮਾਰ ਕੌਲ, ਖ਼ਜ਼ਾਨਚੀ ਦਵਿੰਦਰ ਪਾਲ ਸਿੰਘ, ਰਜਿੰਦਰ ਕੁਮਾਰ, ਰਣਜੀਤ ਕੌਰ, ਅਨੂਦੀਪ, ਮੁਨੀਸ਼ ਸੈਣੀ, ਅਮਨ ਕੌਸ਼ਿਕ, ਜਿਲਾ ਪ੍ਰਧਾਨ ਪਠਾਨਕੋਟ ਗੁਰਦੀਪ ਸਫ਼ਰੀ, ਜਿਲਾ ਪ੍ਰਧਾਨ ਬਠਿੰਡਾ ਕੁਲਦੀਪ ਸ਼ਰਮਾ, ਦਰਸ਼ਨ ਸਿੰਘ, ਜਗਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਮੌਜੂਦ ਸਨ।

ਪੀ.ਸੀ.ਐਸ. ਆਫਿਸਰਜ ਐਸੋਸੀਏਸ਼ਨ ਨੇ ਵੀ ਕਾਲੇ ਬਿੱਲੇ ਲਾ ਕੇ ਕੰਮ ਕਰਨ ਦੀ ਕਾਲ ਵਾਪਸ ਲਈ : ਵਿਧਾਇਕ ਸ਼ੀਤਲ ਅੰਗੂਰਾਲ ਵੱਲੋਂ ਖੇਦ ਪ੍ਰਗਟਾਉਣ ਅਤੇ ਫੇਸਬੁੱਕ ਰਾਹੀਂ ਮੁਆਫੀ ਮੰਗਣ ਤੋਂ ਬਾਅਦ ਪੀ ਸੀ ਐਸ ਆਫਿਸਰਜ ਐਸੋਸੀਏਸ਼ਨ, ਪੰਜਾਬ ਵੱਲੋਂ ਵੀ ਕਾਲੇ ਬਿੱਲੇ ਲਾ ਕੇ ਕੰਮ ਕਰਨ ਅਤੇ ਰੋਸ ਪ੍ਰਗਟਾਉਣ ਦੀ ਦਿੱਤੀ ਕਾਲ ਵੀ ਵਾਪਸ ਲੈ ਲਈ ਹੈ । ਇਸ ਸੰਬੰਧੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅੰਕੁਰ ਮਹਿੰਦਰੂ ਨੇ ਕਿਹਾ ਕਿ ਵਿਧਾਇਕ ਵੱਲੋਂ ਖੇਦ ਪ੍ਰਗਟਾਉਣ ‘ਤੇ ਜਥੇਬੰਦੀ ਨੇ ਕਾਲ ਵਾਪਸ ਲੈ ਲਈ ਹੈ ।

Exit mobile version